Sidhu Moosewala Murder Case: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅੱਜ ਮਾਨਸਾ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਨੇ ਮੁਲਜ਼ਮਾਂ ਵੱਲੋਂ ਡਿਸਚਾਰਜ ਦੀ ਅਰਜ਼ੀ ਬਾਰੇ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 5 ਅਪ੍ਰੈਲ ਨੂੰ ਹੋਏਗੀ। ਉਧਰ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ।


ਦੱਸ ਦਈਏ ਕਿ ਮੁਲਜ਼ਮਾਂ ਜਗਤਾਰ ਸਿੰਘ, ਚਰਨਜੀਤ ਸਿੰਘ, ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਵੱਲੋਂ ਆਪਣੇ-ਆਪ ਨੂੰ ਬੇਕਸੂਰ ਦੱਸਦਿਆਂ ਡਿਸਚਾਰਜ ਦੀ ਅਰਜ਼ੀ ਦਾਇਰ ਕੀਤੀ ਗਈ ਸੀ। ਇਸ 'ਤੇ ਅਦਾਲਤ ਨੇ 27 ਮਾਰਚ ਨੂੰ ਰਾਜ ਸਰਕਾਰ ਤੋਂ ਜਵਾਬ ਮੰਗਿਆ ਹੈ। ਹੁਣ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ 5 ਅਪ੍ਰੈਲ ਨੂੰ ਮੁੜ ਹੋਵੇਗੀ।


ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਅਦਾਲਤ ਨੇ 5 ਅਪ੍ਰੈਲ ਦੀ ਤਰੀਕ ਪਾਈ ਹੈ। ਸਿੱਧੂ ਮੂਸੇਵਾਲਾ ਦੇ ਨਵਜੰਮੇ ਛੋਟਾ ਭਰਾ ਬਾਰੇ ਸਰਕਾਰ ਵੱਲੋਂ ਸਬੂਤ ਮੰਗੇ ਜਾਣ 'ਤੇ ਬਲਕੌਰ ਸਿੰਘ ਨੇ ਕਿਹਾ ਕਿ ਹੁਣ ਸਰਕਾਰ ਮੀਡੀਆ ਦੀ ਦੁਰਵਰਤੋਂ ਕਰਕੇ ਇਹ ਸਾਰਾ ਮਾਮਲਾ ਕੇਂਦਰ ਸਰਕਾਰ 'ਤੇ ਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਮੁੱਖ ਮੰਤਰੀ 'ਤੇ ਸਵਾਲ ਚੁੱਕੇ ਸਨ ਤੇ ਅੱਜ ਵੀ ਉਹ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਨ ਕਿ ਇਹ ਕਾਹਦੀ ਕਾਹਲੀ ਸੀ? 


ਇਹ ਵੀ ਪੜ੍ਹੋ: Lok Sabha Election: ਬਠਿੰਡਾ 'ਚ ਦਾਅ 'ਤੇ ਲੱਗੀ ਸਿਆਸੀ ਟੱਬਰਾਂ ਦੀ ਸਾਖ ! ਜਾਣੋ ਕਿੰਨਾ ਉਮੀਦਵਾਰਾਂ ਵਿਚਾਲੇ ਹੋਵੇਗਾ ਸਖ਼ਤ ਮੁਕਾਬਲਾ ?


ਉਨ੍ਹਾਂ ਨੇ ਕਿਹਾ ਕਿ ਕੇਂਦਰ ਦਾ ਲੈਟਰ ਮਿਲਣ ਮਗਰੋਂ ਪਹਿਲਾਂ ਮਾਨਸਾ ਦੇ ਸੀਐਮਓ ਤੇ ਫਿਰ ਬਠਿੰਡਾ ਦੇ ਸੀਐਮਓ ਕੋਲ ਭੇਜਿਆ ਤੇ ਸਿਹਤ ਵਿਭਾਗ ਇਸ ਤਰ੍ਹਾਂ ਹਸਪਤਾਲ ਪਹੁੰਚਿਆ ਜਿਵੇਂ ਉਨ੍ਹਾਂ ਨੇ ਕੋਈ ਵੱਡਾ ਅਪਰਾਧ ਕੀਤਾ ਹੋਵੇ, ਜਦੋਂਕਿ ਸਾਰੀ ਪ੍ਰਕ੍ਰਿਆ ਵਿਦੇਸ਼ ਤੋਂ ਹੋਈ ਸੀ। ਗਰਭਧਾਰਨ ਕਰਨ ਤੋਂ ਬਾਅਦ ਇਸ ਦੀ ਸੂਚਨਾ ਉਨ੍ਹਾਂ ਨੇ ਸਮੇਂ ਸਿਰ ਮਾਨਸਾ ਖੇਤਰ ਦੇ ਵਿਭਾਗ ਨੂੰ ਦਿੱਤੀ ਸੀ।


ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਜੀ ਅੱਜ ਹਰ ਕੋਈ ਪੜ੍ਹਿਆ-ਲਿਖਿਆ ਹੈ। ਸਾਨੂੰ ਕਾਨੂੰਨ ਬਾਰੇ ਸਭ ਕੁਝ ਪਤਾ ਹੈ। ਸਿਹਤ ਵਿਭਾਗ ਨੇ ਹਸਪਤਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿੱਥੇ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਵੀ ਕੀਤਾ ਤੇ ਅਜਿਹੇ ਸਵਾਲ ਵੀ ਪੁੱਛੇ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ।


ਇਹ ਵੀ ਪੜ੍ਹੋ: Work Permits: UAE ਤੋਂ ਬਾਅਦ ਹੁਣ ਕੈਨੇਡਾ ਨੇ ਭਾਰਤ ਨੂੰ ਦਿੱਤਾ ਝਟਕਾ, ਦੋਵਾਂ ਦੇਸ਼ਾਂ 'ਚ ਰਹਿੰਦੇ ਭਾਰਤੀਆਂ ਦੀ ਵਧੀ ਚਿੰਤਾ


ਉਨ੍ਹਾਂ ਕਿਹਾ ਕਿ ਉਹ ਆਪਣੇ ਬੇਟੇ ਨੂੰ ਇਨਸਾਫ ਦਿਵਾਉਣ ਲਈ ਕਈ ਵਾਰ ਸਰਕਾਰ ਨੂੰ ਮਿਲ ਚੁੱਕੇ ਹਨ ਪਰ ਹੁਣ ਉਨ੍ਹਾਂ ਨੂੰ ਕੋਈ ਇਨਸਾਫ਼ ਦੀ ਉਮੀਦ ਨਹੀਂ। ਉਨ੍ਹਾਂ ਕਿਹਾ ਕਿ ਅੱਜ ਅਦਾਲਤ ਵਿੱਚ ਦਿੱਤੇ ਗਏ ਜਵਾਬ ਵਿੱਚ ਵੀ ਉਸ ਵੱਲੋਂ ਦਿੱਤੀ ਗਈ ਦਰਖਾਸਤ ’ਤੇ ਸਰਕਾਰ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਾਫੀ ਸਮਾਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਨਾਮ 'ਤੇ ਚੱਲ ਰਹੀ ਗੱਡੀ ਬਾਰੇ ਸ਼ਿਕਾਇਤ ਮਾਨਸਾ ਦੇ ਐਸਐਸਪੀ ਕੋਲ ਦਰਜ ਕਰਵਾਈ ਗਈ ਸੀ ਪਰ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।