ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮੰਨਿਆ ਹੈ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਨੇ ਆਪਣੇ ਪਾਸੇ ਨਿਰਮਾਣ ਕਾਰਜ ਸ਼ੁਰੂ ਕਰ ਦਿੱਤੇ ਹਨ ਪਰ ਭਾਰਤੀ ਪੰਜਾਬ ਵਿੱਚ ਅਜੇ ਵਿਕਾਸ ਕੰਮ ਸ਼ੁਰੂ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਇਮਾਰਤੀ ਬੁਨਿਆਦੀ ਢਾਂਚੇ ਵਾਸਤੇ ਜ਼ਮੀਨ ਪ੍ਰਾਪਤ ਕਰਨ ਲਈ ਸੂਬਾ ਸਰਕਾਰ ਨੂੰ ਕੇਂਦਰ ਤੋਂ ਅਜੇ ਕੋਈ ਵੀ ਫੰਡ ਪ੍ਰਾਪਤ ਨਹੀਂ ਹੋਇਆ।

ਅੱਜ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਮਗਰੋਂ ਕੈਪਟਨ ਨੇ ਕਈ ਹੋਰ ਖੁਲਾਸੇ ਕੀਤੇ। ਕੈਪਟਨ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਆਪਣੇ ਕੈਬਨਿਟ ਸਾਥੀ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਮੌਕੇ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਮੰਤਰੀ, ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਗੈਰ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਧੂ ਉੱਥੇ ਆਪਣੀ ਨਿੱਜੀ ਹੈਸੀਅਤ ਵਿੱਚ ਗਏ ਸਨ ਪਰ ਇਸ ਵਾਸਤੇ ਉਨ੍ਹਾਂ ਨੂੰ ਆਗਿਆ ਦਿੱਤੀ ਗਈ ਸੀ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਉਨ੍ਹਾਂ ਨੇ ਸਿੱਧੂ ਨੂੰ ਉੱਥੇ ਨਾ ਜਾਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੇ ਪੰਜਾਬ ਵਿੱਚ ਗੜਬੜ ਪੈਦਾ ਕਰਨ ਦੀਆਂ ਆਈਐਸਆਈ ਦੀਆਂ ਲਗਾਤਾਰ ਕੋਸ਼ਿਸ਼ਾਂ ਤੇ ਕਸ਼ਮੀਰ ਵਿੱਚ ਪਾਕਿਸਤਾਨ ਵੱਲੋਂ ਭਾਰਤੀ ਫੌਜੀਆਂ ਦੀਆਂ ਬਿਨਾਂ ਭੜਕਾਹਟ ਹੱਤਿਆਵਾਂ ਦੇ ਮੱਦੇਨਜ਼ਰ ਖੁਦ ਪਾਕਿਸਤਾਨ ਦੇ ਸੱਦੇ ਨੂੰ ਠੁਕਰਾ ਦਿੱਤਾ ਸੀ।

ਇਸ ਮੌਕੇ ਕੈਪਟਨ ਨੇ ਸੂਬੇ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਕੀਤੇ ਜਾਣ ਦੀ ਜ਼ਰੂਰਤ ਤੋਂ ਇਨਕਾਰ ਕੀਤਾ ਹੈ ਪਰ ਇਸ ਦੇ ਨਾਲ ਹੀ ਕਿਹਾ ਹੈ ਕਿ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਫੈਸਲਾ ਕਾਂਗਰਸ ਹਾਈਕਮਾਂਡ ਵੱਲੋਂ ਲਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਇਹ ਵਿਚਾਰ ਪਹਿਲਾਂ ਹੀ ਪਾਰਟੀ ਹਾਈਕਮਾਂਡ ਕੋਲ ਪ੍ਰਗਟ ਕਰ ਦਿੱਤੇ ਹਨ। ਅੱਜ ਦੀ ਮੀਟਿੰਗ ਦੌਰਾਨ ਰਾਹੁਲ ਗਾਂਧੀ ਨਾਲ ਇਸ ਬਾਰੇ ਕੋਈ ਵਿਚਾਰ-ਵਟਾਂਦਰਾ ਨਹੀਂ ਹੋਇਆ।

ਲੋਕ ਸਭਾ ਚੋਣਾਂ ਬਾਰੇ ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਚੋਣ ਦਾ ਅਜੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ। ਮੰਤਰੀ ਮੰਡਲ ਵਿਚ ਸੰਭਵੀ ਰੱਦੋ-ਬਦਲ ਦੇ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨਾਲ ਅੱਜ ਦੀ ਮੀਟਿੰਗ ਦੌਰਾਨ ਮੰਤਰੀਆਂ ਦੇ ਵਿਭਾਗ ਬਦਲਣ ਬਾਰੇ ਕੋਈ ਵੀ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ।