Punjab News: ਚੰਦਰਯਾਨ-3 ਚਾਲੀ ਦਿਨਾਂ ਦੀ ਲੰਬੀ ਯਾਤਰਾ ਤੋਂ ਬਾਅਦ ਅੱਜ ਚੰਦਰਮਾ ਦੀ ਸਤ੍ਹਾ 'ਤੇ ਇਤਿਹਾਸ ਰਚਣ ਲਈ ਤਿਆਰ ਹੈ। ਚੰਦਰਯਾਨ-3 ਦੀ ਲੈਂਡਿੰਗ ਅੱਜ ਸ਼ਾਮ ਕਰੀਬ 6:04 ਵਜੇ ਚੰਦਰਮਾ 'ਤੇ ਹੋਣੀ ਹੈ। ਭਾਰਤੀ ਪੁਲਾੜ ਖੋਜ ਸੰਗਠਨ ਮੁਤਾਬਕ ਚੰਦਰਯਾਨ-3 ਆਪਣਾ ਮਿਸ਼ਨ ਸਮੇਂ 'ਤੇ ਪੂਰਾ ਕਰੇਗਾ। ਦੂਜੇ ਪਾਸੇ ਚੰਦਰਯਾਨ-3 ਦੀ ਲੈਂਡਿੰਗ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੰਗਲਵਾਰ ਨੂੰ ਟਵੀਟ ਕੀਤਾ, 'ਪੰਜਾਬ ਚੰਦਰਯਾਨ-3 ਦੀ ਚੰਦਰਮਾ 'ਤੇ ਲੈਂਡਿੰਗ ਨੂੰ ਖੁਸ਼-ਆਮਦੀਦ ਕਹਿਣ ਤੇ ਸ਼ੁਭਕਾਮਨਾਵਾਂ ਦੇਣ ਲਈ ਪੰਜਾਬ ਤਿਆਰ ਹੈ।'
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਚੰਦਰਯਾਨ-3 ਦੀ ਚੰਨ 'ਤੇ ਲੈਂਡਿੰਗ ਨੂੰ ਖ਼ੁਸ਼-ਆਮਦੀਦ ਕਹਿਣ ਅਤੇ ਸ਼ੁਭ ਇੱਛਾਵਾਂ ਦੇਣ ਵਾਸਤੇ ਪੰਜਾਬ ਤਿਆਰ ਹੈ.....ਪੁਲਾੜ ਵਿਗਿਆਨੀਆਂ ਦੀ ਸਾਲਾਂ ਬੱਧੀ ਦਿਨ-ਰਾਤ ਦੀ ਮਿਹਨਤ ਸਦਕਾ ਚੰਦਰਯਾਨ-3 ਇਸਰੋ ਸ੍ਰੀ ਹਰੀਕੋਟਾ ਤੋਂ 14 ਜੁਲਾਈ ਨੂੰ ਰਵਾਨਾ ਹੋਇਆ ਸੀ।
40 ਦਿਨਾਂ ਦੇ ਲੰਬੇ ਸਫ਼ਰ ਤੋਂ ਬਾਅਦ ਹੁਣ ਚੰਨ ਉੱਤੇ ਪਹੁੰਚਣ ਲਈ ਤਿਆਰ ਹੈ। ਕੱਲ੍ਹ 23 ਅਗਸਤ 2023 ਨੂੰ ਸ਼ਾਮ 5 ਵਜੇ ਤੋਂ ਬਾਅਦ ਲੈਂਡਰ ਚੰਨ ਦੇ ਧਰਾਤਲ ’ਤੇ ਲੈਂਡ ਹੋਵੇਗਾ। ਚੰਦਰਯਾਨ-3 ਦੀ ਚੰਨ 'ਤੇ ਲੈਂਡਿੰਗ ਨੂੰ ਖ਼ੁਸ਼-ਆਮਦੀਦ ਕਹਿਣ ਅਤੇ ਸ਼ੁਭ ਇੱਛਾਵਾਂ ਦੇਣ ਵਾਸਤੇ ਕੱਲ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਸ ਇਤਿਹਾਸਿਕ ਵਰਤਾਰੇ ਨੂੰ ਦਰਸਾਉਣ ਵਾਲੇ ਪੋਸਟਰ, ਪੇਂਟਿੰਗ'ਜ ਤੇ ਕੁਇਜ਼ ਮੁਕਾਬਲੇ ਕਰਵਾਏ ਜਾਣਗੇ।
ਹਰਿਆਣਾ 'ਚ ਵੀ ਅੱਜ ਸ਼ਾਮ ਸਕੂਲ ਖੁੱਲ੍ਹਣਗੇ
ਇਸ ਦੇ ਨਾਲ ਹੀ ਹਰਿਆਣਾ ਵਿੱਚ ਪਹਿਲੀ ਵਾਰ ਸ਼ਾਮ ਨੂੰ ਇੱਕ ਘੰਟੇ ਲਈ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਵਿਦਿਆਰਥੀਆਂ ਨੂੰ ਚੰਦਰਯਾਨ-3 ਮਿਸ਼ਨ ਦੀ ਲਾਈਵ ਕਵਰੇਜ ਦਿਖਾਉਣ ਲਈ ਕਿਹਾ ਹੈ। ਇਸ ਤੋਂ ਬਾਅਦ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ ਨੇ ਵੀ ਰਾਜ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਭੇਜੇ ਹਨ।
ਸਿੱਖਿਆ ਮੰਤਰੀ ਵੱਲੋਂ ਅੱਜ ਸ਼ਾਮ 5 ਤੋਂ 6 ਵਜੇ ਤੱਕ ਸਰਕਾਰੀ ਸਕੂਲ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਸਾਡੇ ਦੇਸ਼ ਦੇ ਵਿਗਿਆਨੀਆਂ ਦੀ ਵੱਡੀ ਪ੍ਰਾਪਤੀ ਹੈ, ਜਿਸ ਦੀ ਬਦੌਲਤ ਵੱਡੀ ਸਫਲਤਾ ਹਾਸਲ ਕੀਤੀ ਜਾ ਰਹੀ ਹੈ। ਅੱਜ ਪੂਰੀ ਦੁਨੀਆ ਭਾਰਤ ਦੀ ਉਪਲਬਧੀ ਨੂੰ ਦੇਖਣ ਜਾ ਰਹੀ ਹੈ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਇਹ ਉਪਲਬਧੀ ਦੇਖਣ।