Punjab News: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਬਰਨਾਲਾ ਵਿੱਚ ‘ਆਪ’ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ। ਦੋਵਾਂ ਆਗੂਆਂ ਨੇ ਇੱਥੇ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਹਰਿੰਦਰ ਧਾਲੀਵਾਲ ਨੂੰ ਜਿਤਾਉਣ ਦੀ ਅਪੀਲ ਕੀਤੀ।



ਮਾਨ ਨੇ ਕਿਹਾ ਕਿ ਕਈ ਰਾਜਾਂ ਵਿੱਚ ਸਾਡਾ ਝਾੜੂ ਚੱਲ ਚੁੱਕਾ ਹੈ। ਪੰਜਾਬ ਅਤੇ ਦਿੱਲੀ ਵਿੱਚ ਸਾਡੀਆਂ ਸਰਕਾਰਾਂ ਹਨ। ਗੁਜਰਾਤ, ਗੋਆ ਅਤੇ ਜੰਮੂ ਵਿੱਚ ਸਾਡੇ ਵਿਧਾਇਕ ਜਿੱਤੇ ਹਨ। ਚੰਡੀਗੜ੍ਹ ਅਤੇ ਮੱਧ ਪ੍ਰਦੇਸ਼ ਦੇ ਸਿੰਗਰੌਲੀ ਵਿੱਚ ਸਾਡਾ ਮੇਅਰ ਹਨ।  ਸਿਰਫ਼ ਦਸ ਸਾਲਾਂ ਵਿੱਚ ਹੀ ਆਮ ਆਦਮੀ ਪਾਰਟੀ ਦੇਸ਼ ਦੀ ਕੌਮੀ ਪਾਰਟੀ ਬਣ ਗਈ


ਮਾਨ ਨੇ ਕਿਹਾ ਕਿ ਬਰਨਾਲਾ ਦੇ ਲੋਕਾਂ ਨੇ ਮੈਨੂੰ ਹਮੇਸ਼ਾ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ। ਇੱਥੋਂ ਦੇ ਲੋਕਾਂ ਨਾਲ ਮੇਰਾ ਦਿਲ ਦਾ ਰਿਸ਼ਤਾ ਹੈ। ਇਹ ਮੇਰੇ ਸੰਸਦੀ ਹਲਕੇ ਦਾ ਹਿੱਸਾ ਹੈ। ਇੱਥੋਂ ਦੇ ਲੋਕਾਂ ਨੇ 2014 ਅਤੇ 2019 ਦੋਵਾਂ ਵਿੱਚ ਲੀਡ ਪ੍ਰਦਾਨ ਕੀਤੀ






ਵਿਰੋਧੀ ਉਮੀਦਵਾਰਾਂ 'ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ 'ਤੇ ਭਰੋਸਾ ਨਾ ਕਰਿਓ। ਮੌਸਮ ਵੀ ਓਨੀ ਜਲਦੀ ਨਹੀਂ ਬਦਲਦਾ ਜਿੰਨੀ ਜਲਦੀ ਇਹ ਲੋਕ ਪਾਰਟੀਆਂ ਬਦਲ ਲੈਂਦੇ ਹਨ। ਕੇਵਲ ਢਿੱਲੋਂ ਪਹਿਲਾਂ ਕਾਂਗਰਸ ਤੋਂ ਹਾਰ ਗਏ ਸਨ। ਹੁਣ ਭਾਜਪਾ ਦੀ ਤਰਫ਼ੋਂ ਘੁੰਮ ਰਹੇ ਹਨ। ਉਨ੍ਹਾਂ ਦਾ ਕੋਈ ਪਤਾ ਨਹੀਂ ਕਿ ਉਹ ਕਿਹੜੇ ਵੇਲੇ ਕਿਹੜੇ ਪਾਸੇ ਹੋ ਜਾਣ। ਇਹ ਲੋਕ ਪੈਸੇ ਦੇ ਬਲਬੂਤੇ ਚੋਣਾਂ ਜਿੱਤਣਾ ਚਾਹੁੰਦੇ ਹਨ  ਪਰ ਉਨ੍ਹਾਂ ਕੋਲ ਪੈਸਾ ਹੈ ਅਤੇ ਸਾਡੇ ਕੋਲ ਜਨਤਾ ਦਾ ਪਿਆਰ ਹੈ।  ਉਨ੍ਹਾਂ ਨੂੰ ਇਹ ਭੁਲੇਖਾ ਹੈ ਕਿ ਉਹ ਪੈਸੇ ਦੇ ਦਮ 'ਤੇ ਜਿੱਤ ਜਾਣਗੇ।



ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਵਾਲੇ ਵੀ ਕੰਮ ਦੀ ਗੱਲ ਕਰਨ ਲੱਗ ਪਏ ਹਨ।  ਅਸੀਂ ਉਨ੍ਹਾਂ ਦਾ ਮੈਨੀਫੈਸਟੋ ਬਦਲ ਦਿੱਤਾ ਹੈ। ਪਹਿਲਾਂ ਉਹ ਕਦੇ ਸਕੂਲ-ਹਸਪਤਾਲ, ਬਿਜਲੀ-ਪਾਣੀ ਅਤੇ ਰੁਜ਼ਗਾਰ ਦੇ ਨਾਂ 'ਤੇ ਚੋਣਾਂ ਨਹੀਂ ਲੜਦੇ ਸਨ। ਉਨ੍ਹਾਂ ਦੱਸਿਆ ਕਿ ਉਹ ਅੱਜ ਸਵੇਰੇ ਹੀ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਵਿੱਚ 1700 ਦੇ ਕਰੀਬ ਕਾਂਸਟੇਬਲ ਅਤੇ ਸਬ-ਇੰਸਪੈਕਟਰ ਲੜਕੇ-ਲੜਕੀਆਂ ਦੀ ਭਰਤੀ ਲਈ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਇੱਥੇ ਆਏ ਹਨ।  ਅੱਜ ਦੀਆਂ ਨੌਕਰੀਆਂ ਸਮੇਤ, ਅਸੀਂ 48,000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ।



ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਢਾਈ ਸਾਲ ਬਾਕੀ ਹਨ।  ਇਸ ਵਿੱਚ ਹੋਰ ਵੀ ਚੰਗੇ ਕੰਮ ਹੋਣਗੇ।  ਬਰਨਾਲਾ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਨੂੰ ਜਿਤਾਓ।  ਸਾਡਾ ਬਟਨ ਪਹਿਲੇ ਨੰਬਰ 'ਤੇ ਹੈ ਅਤੇ ਸਿਰਫ ਪਹਿਲੇ ਨੰਬਰ 'ਤੇ ਆਉਣਾ ਚਾਹੀਦਾ ਹੈ। ਕਿਸੇ ਹੋਰ ਪਾਰਟੀ ਵੱਲ ਨਾ ਦੇਖਿਓ।  ਇਹ ਲੋਕ ਕੰਮ ਰੋਕ ਦੇਣਗੇ।  ਉਨ੍ਹਾਂ ਕਿਹਾ ਕਿ ਧਾਲੀਵਾਲ ਤੁਹਾਡਾ ਆਪਣਾ ਹੈ।  ਉਹ ਪਿੰਡ ਦਾ ਵਸਨੀਕ ਹੈ। ਦੂਜੇ ਤਾਂ ਪੰਚਕੂਲਾ ਅਤੇ ਚੰਡੀਗੜ੍ਹ ਤੋਂ ਹਨ।  ਚੋਣਾਂ ਤੋਂ ਬਾਅਦ ਤੁਹਾਨੂੰ ਉਨ੍ਹਾਂ ਨੂੰ ਲੱਭਣਾ ਪਵੇਗਾ, ਪਰ ਉਹ ਨਹੀਂ ਮਿਲਣਗੇ।  ਉਹ ਲੋਕ ਤੁਹਾਡੇ ਨਾਲ ਹੱਥ ਮਿਲਾ ਕੇ ਸੈਨੀਟਾਈਜ਼ਰ ਨਾਲ ਹੱਥ ਧੋਂਦੇ ਹਨ। ਇਸ ਲਈ ਉਸ ਨੂੰ ਵੋਟ ਨਾ ਦਿਓ।


ਮਾਨ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਪਰ ਚੰਡੀਗੜ੍ਹ ਜਾ ਕੇ ਉਨ੍ਹਾਂ ਨੇ ਆਪਣੇ ਦਰਵਾਜ਼ੇ ਅੰਦਰੋਂ ਬੰਦ ਕਰ ਦਿੱਤੇ, ਫਿਰ 2022 'ਚ ਲੋਕਾਂ ਨੇ ਉਨ੍ਹਾਂ ਦੇ ਦਰਵਾਜ਼ੇ ਬਾਹਰੋਂ ਬੰਦ ਕਰ ਦਿੱਤੇ। ਉਹ ਕਦੇ ਵੀ ਆਮ ਲੋਕਾਂ ਨੂੰ ਨਹੀਂ ਮਿਲੇ। ਜਿਸ ਕਾਰਨ ਉਨ੍ਹਾਂ ਦੀ ਇਹ ਹਾਲਤ ਹੋ ਗਈ।