Amritsar News : ਪੰਜਾਬ ਸਰਕਾਰ ਵੱਲੋਂ ਚਾਲੂ ਕੀਤੇ ਮਹੱਲਾ ਕਲੀਨਿਕ 'ਚ ਚੋਰਾਂ ਨੇ ਸੰਨ੍ਹ ਲਗਾ ਦਿੱਤੀ ਹੈ। ਅੰਮ੍ਰਿਤਸਰ ਦੇ ਗੇਟ ਹਕੀਮਾ ਇਲਾਕੇ ਦੇ ਮਹੱਲਾ ਕਲੀਨਿਕ 'ਚ ਚੋਰਾਂ ਨੇ ਏਸੀ ਅਤੇ ਪ੍ਰਿੰਟਰ ਚੋਰੀ ਕਰ ਲਿਆ ਹੈ। ਜਾਣਕਾਰੀ ਅਨੁਸਾਰ ਚੋਰ ਮਹੱਲਾ ਕਲੀਨਿਕ 'ਚੋਂ ਪ੍ਰਿੰਟਰ ਤੇ ਏਸੀ ਲੈ ਕੇ ਫਰਾਰ ਹੋ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਡੀ ਡਵੀਜ਼ਨ ਦੇ ਮੁੱਖ ਅਫਸਰ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਅਜੇ ਸਮਾਨ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ -ਕੀ ਇਸ ਜਗ੍ਹਾ ਤੋਂ ਚੋਰੀ ਕੀਤਾ ਗਿਆ ਹੈ। ਅਜੇ ਜਾਂਚ ਚਲ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਇਕ ਮਹੀਨੇ ਵਿਚ ਚੌਥੀ ਵਾਰ ਚੋਰੀ ਹੋਈ ਹੈ , ਪੁਲਸ ਨੂੰ ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ। ਮਹੱਲਾ ਕਲੀਨਿਕ 'ਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ। ਅੰਮ੍ਰਿਤਸਰ ਦੇ ਹਕੀਮਾਂ ਗੇਟ ਚੌਂਕ ਵਿਖੇ ਬਣੇ ਆਮ ਆਦਮੀ ਕਲੀਨਿਕ ਵਿਚ ਬੀਤੀ ਰਾਤ ਚੋਰਾਂ ਵੱਲੋਂ ਏਸੀ ਅਤੇ ਪ੍ਰਿੰਟਰ ਚੋਰੀ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਸਟਾਫ ਮੈਂਬਰਾਂ ਦਾ ਕਹਿਣਾ ਹੈ ਕਿ ਇਸੇ ਮੁਹੱਲਾ ਕਲੀਨਿਕ 'ਚ ਇਕ ਮਹੀਨੇ ਵਿੱਚ ਚੌਥੀ ਵਾਰ ਚੋਰੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਮੋਰਚੇ ਦੌਰਾਨ ਹਿੰਸਾ ਕਰਨ ਵਾਲਿਆਂ ਦੀਆਂ ਤਸਵੀਰਾਂ ਪੁਲਿਸ ਨੇ ਕੀਤੀਆਂ ਜਨਤਕ, ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੇਣ ਦੀ ਕਹੀ ਗੱਲ
ਜਿਸ ਵਿਚ ਇਕ ਵਾਰ ਸੈਨੀਟੇਸ਼ਨ ਦਾ ਸਮਾਨ, ਪੱਖਾ, ਮੋਟਰ ਅਤੇ ਦੂਜੀ ਵਾਰ ਏਸੀ ਅਤੇ ਬਲੋਅਰ, ਤੀਜੀ ਵਾਰ ਪੀਣ ਵਾਲੇ ਪਾਣੀ ਦੀ ਮਸ਼ੀਨ ਅਤੇ ਚੌਥੀ ਵਾਰ ਬੀਤੀ ਰਾਤ ਏਸੀ, ਪ੍ਰਿੰਟਰ ਅਤੇ ਸੈਨੀਟੇਸ਼ਨ ਦਾ ਸਮਾਨ ਚੋਰੀ ਕੀਤਾ ਗਿਆ ਹੈ। ਓਧਰ ਪੁਲਿਸ ਕਰਮਚਾਰੀ ਦਾ ਕਹਿਣਾ ਹੈ ਕਿ ਏਐਸਆਈ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਾਰਵਾਈ ਅਜੇ ਜਾਰੀ ਹੈ ,ਜਾਂਚ ਚਲ ਰਹੀ ਹੈ। ਮਹੱਲਾ ਕਲੀਨਿਕ ਦੇ ਸਟਾਫ ਮੈਂਬਰਾਂ ਦਾ ਕਹਿਣਾ ਹੈ ਕਿ ਹਰ ਵਾਰ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਪਰ ਕਿਸੇ ਵੀ ਤਰਾਂ ਦੀ ਅਜੇ ਤੱਕ ਕਾਰਵਾਈ ਨਹੀਂ ਕੀਤੀ ਗਈ।
ਦੱਸ ਦੇਈਏ ਕਿ 27 ਜਨਵਰੀ ਨੂੰ ਸੂਬੇ 'ਚ 400 ਨਵੇਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਸੀ। 27 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਇਨ੍ਹਾਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਸੀ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪਿਛਲੇ ਸਾਲ 15 ਅਗਸਤ ਨੂੰ 100 ਮੁਹੱਲਾ ਕਲੀਨਿਕ ਖੋਲ੍ਹੇ ਗਏ ਸਨ, ਜਿਨ੍ਹਾਂ ਚੋਂ 65 ਸ਼ਹਿਰੀ ਤੇ 35 ਪੇਂਡੂ ਇਲਾਕਿਆਂ ਵਿਚ ਖੋਲ੍ਹੇ ਗਏ ਸਨ। ਜਾਣਕਾਰੀ ਅਨੁਸਾਰ 5 ਮਹੀਨਿਆਂ ਅੰਦਰ 10 ਲੱਖ ਤੋਂ ਵੱਧ ਲੋਕਾਂ ਦਾ ਇਲਾਜ ਇਨ੍ਹਾਂ ਮੁਹੱਲਾ ਕਲੀਨਿਕਾਂ 'ਚ ਕੀਤਾ ਗਿਆ। ਇਸ ਨਾਲ ਲੋਕਾਂ ਨੂੰ ਕਾਫੀ ਸਹੂਲਤ ਮਿਲੀ ਹੈ।