Punjab News: ਮਾਲਵਾ ਪੱਟੀ ਕੰਬਾਇਨਾਂ ਨਾਲ ਕਣਕ ਵਾਢੀ ਜ਼ੋਰਾਂ ’ਤੇ ਸੀ ਪਰ ਮੌਸਮ ਦਾ ਮਿਜ਼ਾਜ ਬਦਲਣ ਕਾਰਨ ਆਏ ਝੱਖੜ ਅਤੇ ਮੀਂਹ ਨੇ ਕੰਮ ਰੋਕ ਦਿੱਤਾ। ਮੀਂਹ ਕਾਰਨ ਮੰਡੀਆਂ ’ਚ ਵਿਕਣ ਆਈ ਕਣਕ ਭਿੱਜ ਗਈ ਜਦਕਿ ਖੇਤਾਂ ’ਚ ਖੜ੍ਹੀ ਕਣਕ ਦੀ ਫ਼ਸਲ ਦੀ ਵਾਢੀ ਦਾ ਕੰਮ ਰੁਕ ਗਿਆ। ਇਸ ਤੋਂ ਇਲਾਵਾ ਹੋਰ ਦੂਜੀਆਂ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਜਿਸ ਤੋਂ ਬਾਅਦ ਸਰਕਾਰ ਤੋਂ ਮਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਕਿਸਾਨਾਂ ਦੀਆਂ ਫਸਲਾਂ ਦੀ ਇਹ ਹਾਲਤ ਦਿਲ ਝੰਜੋੜਨ ਵਾਲੀ ਹੈ — ਕਣਕ, ਮਿਰਚ, ਟਮਾਟਰ , ਸ਼ਿਮਲਾ ਮਿਰਚ, ਖਰਬੂਜੇ, ਮੱਕੀ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਮਹੀਨਿਆਂ ਦੀ ਮਿਹਨਤ, ਬੀਜ਼, ਖਾਦ, ਮਜ਼ਦੂਰੀ ’ਤੇ ਕੀਤੇ ਵੱਡੇ ਖ਼ਰਚੇ — ਸੱਭ ਕੁਝ ਬਰਬਾਦ ਹੋ ਗਿਆ ਹੈ। ਇੱਥੋਂ ਤੱਕ ਕਿ ਪਸ਼ੂਆਂ ਲਈ ਲਈ ਚਾਰਾ ਵੀ ਨਹੀਂ ਬਚਿਆ। ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਤੁਰੰਤ ਮੁਆਵਜ਼ਾ ਅਤੇ ਰਾਹਤ ਦਿੱਤੀ ਜਾਵੇ। ਮੰਡੀਆਂ ਵਿੱਚ ਵੀ ਫ਼ਸਲ ਨੂੰ ਬਚਾਉਣ ਲਈ ਯੋਗ ਪ੍ਰਬੰਧ ਕੀਤੇ ਜਾਣ!

ਮੌਸਮ ਮਹਿਕਮੇ ਵੱਲੋਂ ਅਗਲੇ 48 ਘੰਟਿਆਂ ਦੌਰਾਨ ਰਾਜ ਵਿਚ ਮੌਸਮ ਖ਼ਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਕਿਸਾਨ ਅਸਮਾਨ ’ਤੇ ਛਾਈਆਂ ਕਾਲੀਆਂ ਘਟਾਵਾਂ ਨੂੰ ਵੇਖ ਕੇ ਝੁਰਨ ਲੱਗਿਆ ਹੈ। ਇਸ ਮੌਕੇ ਖੇਤਾਂ ਵਿੱਚ ਖੜ੍ਹੀ ਫ਼ਸਲ ਬਰਬਾਦ ਹੋ ਰਹੀ ਹੈ ਤੇ ਖਰੀਦ ਕੇਂਦਰਾਂ ਵਿੱਚ ਪਏ ਕਣਕ ਦੇ ਢੇਰ ਭਿੱਜ ਗਏ ਹਨ ਤੇ ਕਿਸੇ ਵੀ ਖਰੀਦ ਕੇਂਦਰ ਵਿੱਚ ਆੜ੍ਹਤੀਆਂ ਕੋਲ ਕਣਕ ਨੂੰ ਢੱਕਣ ਲਈ ਤਰਪਾਲਾਂ ਦਾ ਬੰਦੋਬਸਤ ਨਹੀਂ ਸੀ। ਕਿਸਾਨਾਂ ਨੇ ਆਪਣੀਆਂ ਪੱਲੀਆਂ ਨਾਲ ਹੀ ਆਪਣੀ ਜਿਣਸ ਨੂੰ ਮੀਂਹ ਤੋਂ ਬਚਾਉਣ ਲਈ ਢੱਕਿਆ। ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲ ਸਾਂਭਣ ਵਾਸਤੇ ਅੱਜ-ਕੱਲ੍ਹ ਸਾਫ਼-ਸੁਥਰੇ ਮੌਸਮ ਦੀ ਲੋੜ ਸੀ ਪਰ ਮੀਂਹ ਤੇ ਝੱਖੜ ਨੇ ਉਨ੍ਹਾਂ ਨੂੰ ਡੂੰਘੀਆਂ ਸੋਚਾਂ ਵਿੱਚ ਡੋਬ ਧਰਿਆ ਹੈ।