Punjab News: ਪੰਜਾਬ ਦੇ ਮੰਤਰੀ ਮੰਡਲ ਵਿੱਚ ਬਦਲਾਅ ਹੋਣ ਦੀਆਂ ਕਨਸੋਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਤੇ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗਵਰਨਰ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਦੱਸਿਆ ਕਿ ਕਿਹੜੇ ਮੰਤਰੀ ਨੂੰ ਬਦਲਿਆ ਜਾਵੇਗਾ।.

ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਦੇ ਮੁਖ਼ਾਤਬ ਹੁੰਦਿਆ, ਪਰਗਟ ਸਿੰਘ ਨੇ ਕਿਹਾ ਕਿ "ਧੂੜ ਚਿਹਰੇ ਤੇ, ਸਾਫ਼ ਸ਼ੀਸ਼ਾ ਕਰੀ ਜਾਂਦੇ..." 3 ਸਾਲਾਂ 'ਚ ਮੰਤਰੀ ਹੀ ਬਦਲੀ ਜਾ ਰਹੇ, ਪਰ ਪੰਜਾਬ ਦੇ ਲੋਕ ਕਹਿ ਰਹੇ—ਹੁਣ ਮੰਤਰੀ ਨਹੀਂ, ਸਰਕਾਰ ਬਦਲਣ ਦੀ ਲੋੜ ਹੈ!

ਪਰਗਟ ਸਿੰਘ ਨੇ ਕਿਹਾ ਕਿ ਇਸ ਪਾਰਟੀ ਲਈ ਵਿਧਾਨ ਸਭਾ ਬਣੀ ਹੀ ਨਹੀਂ ਹੈ, ਇਹ ਵਿਰੋਧੀਆਂ ਨੂੰ ਬੋਲਣ ਹੀ ਨਹੀਂ ਦਿੰਦੇ ਤੇ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਮੁੱਖ ਮੰਤਰੀ ਹੀ ਗ਼ੈਰ ਹਾਜ਼ਰ ਰਹੇ। ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਸ਼ਾਇਦ ਇਹ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਆਖ਼ਰੀ ਸੈਸ਼ਨ ਹੈ। ਇਸ ਦੇ ਨਾਲ ਹੀ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਮਾਈਨਿੰਗ ਪਾਲਿਸੀ ਨਹੀਂ ਲਿਆਂਦੀ ਗਈ ਜਦੋਂ ਕਿ ਮੰਤਰੀ ਲਗਾਤਾਰ ਬਦਲ ਰਹੇ ਹਨ ਤੇ ਹੁਣ ਵੀ ਲਗਦਾ ਹੈ ਕਿ ਮੰਤਰੀ ਹੀ ਬਦਲਿਆ ਜਾਵੇਗਾ।

ਇਸ ਤੋਂ ਇਲਾਵਾ ਪ੍ਰਗਟ ਸਿੰਘ ਦਾ ਕਹਿਣਾ ਹੈ, "ਜਦੋਂ ਇਹ ਸਰਕਾਰ ਸੱਤਾ ਵਿੱਚ ਆਈ ਸੀ, ਤਾਂ ਲੋਕਾਂ ਨੂੰ ਉਮੀਦਾਂ ਸਨ ਪਰ ਵਿਰਾਸਤ ਵਿੱਚ ਲਗਭਗ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਮਿਲਣ ਦੇ ਬਾਵਜੂਦ, ਉਨ੍ਹਾਂ ਨੇ 1.20 ਲੱਖ ਕਰੋੜ ਰੁਪਏ ਦਾ ਵਾਧੂ ਕਰਜ਼ਾ ਲਿਆ - ਜੋ ਕਿ ਪੰਜਾਬ ਦੀ 38,000 ਕਰੋੜ ਰੁਪਏ ਦੀ ਉਧਾਰ ਸੀਮਾ ਤੋਂ ਵੱਧ ਹੈ। ਉਹ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਤੇ ਇੱਕ 'ਮਾਡਲ' ਬਣਾਇਆ ਹੈ ਜੋ ਸਿਰਫ ਕਾਗਜ਼ਾਂ 'ਤੇ ਹੀ ਮੌਜੂਦ ਹੈ, ਜਿਸ ਨੇ ਨਾ ਸਿਰਫ ਪੰਜਾਬ ਦੇ ਕਰਜ਼ੇ ਦਾ ਬੋਝ ਵਧਾਇਆ ਹੈ ਸਗੋਂ ਉਨ੍ਹਾਂ ਦੇ ਸੱਤਾ ਸੰਭਾਲਣ ਤੋਂ ਬਾਅਦ ਕਾਨੂੰਨ ਵਿਵਸਥਾ ਵਿੱਚ ਵੀ ਵਿਗੜਨ ਦਾ ਕਾਰਨ ਬਣਿਆ ਹੈ।