ਜਲੰਧਰ: ਜਲੰਧਰ ਤੇ ਇੱਥੇ ਦੇ ਨੇੜਲੇ ਇਲਾਕਿਆਂ ‘ਚ ਇਸ ਵਾਰ ਅੱਧੇ ਤੋਂ ਵੀ ਘੱਟ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਣਗੇ। ਇਸ ਦੇ ਦੋ ਵੱਡੇ ਕਾਰਨ ਹਨ। ਪਹਿਲਾ ਕਾਰਨ ਪਿਛਲੇ ਸਾਲ ਦੁਸ਼ਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਜੌੜਾ ਫਾਟਕ ‘ਤੇ ਹੋਇਆ ਭਿਆਨਕ ਹਾਦਸਾ ਹੈ ਤੇ ਦੂਜਾ ਕਾਰਨ ਇਸ ਸਾਲ ਪਟਾਖਾ ਫੈਕਟਰੀਆਂ ‘ਚ ਹੋਏ ਧਮਾਕੇ ਹਨ। ਦੋਵਾਂ ਘਟਨਾਵਾਂ ਨੂੰ ਵੇਖਦੇ ਹੋਏ ਪ੍ਰਸਾਸ਼ਨ ਨੇ ਪੁਤਲੇ ਸਾੜਨ ਨੂੰ ਲੈ ਕੇ ਸਖ਼ਤੀ ਕੀਤੀ ਹੈ।
ਜਲੰਧਰ ਦੇ ਜੇਲ੍ਹ ਰੋਡ ‘ਤੇ ਕਰੀਬ ਪਿਛਲੇ 50 ਸਾਲ ਤੋਂ ਪੁਤਲੇ ਸਾੜੇ ਜਾਂਦੇ ਹਨ। ਇੱਥੇ ਬਣਨ ਵਾਲੇ ਪੁਤਲੇ ਜਲੰਧਰ ਦੇ ਨਾਲ-ਨਾਲ ਪੰਜਾਬ ਦੇ ਹੋਰ ਕਈ ਇਲਾਕਿਆਂ ‘ਚ ਵੀ ਭੇਜੇ ਜਾਂਦੇ ਹਨ। ਪੁਤਲੇ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਇਸ ਵਾਰ ਲੋਕਾਂ ‘ਚ ਤਿਓਹਾਰ ਨੂੰ ਲੈ ਕੇ ਓਨੀ ਗਹਿਮਾ-ਗਹਿਮੀ ਨਹੀਂ ਜਿੰਨੀ ਕਦੇ ਹੁੰਦੀ ਸੀ। ਇਸ ਵਾਰ ਕਾਰੀਗਰਾਂ ਨੂੰ ਪੁਤਲੇ ਬਣਾਉਣ ਦੇ ਆਰਡਰ ਵੀ ਕਾਫੀ ਘੱਟ ਮਿਲੇ।
ਪਿਛਲੇ 15 ਸਾਲ ਤੋਂ ਰਾਵਣ ਦਾ ਪੁਤਲਾ ਬਣਾ ਰਹੇ ਮਹਿਤਾਬ ਸਿੰਘ ਨੇ ਇਸ ਬਾਰੇ ਦੱਸਿਆ ਕਿ ਉਨ੍ਹਾਂ ਕੋਲ ਪਹਿਲਾਂ ਨਾਲੋਂ ਘੱਟ ਆਰਡਰ ਆਉਣ ਕਰਕੇ ਇਸ ਵਾਰ ਅੱਧੀ ਲੇਬਰ ਨੇ ਹੀ ਕੰਮ ਕੀਤਾ ਹੈ। ਇਸ ਦੇ ਨਾਲ ਹੀ ਕਾਰੀਗਰਾਂ ਨੂੰ ਲੱਗਦਾ ਹੈ ਕਿ ਜੇਕਰ ਦੁਸ਼ਹਿਰੇ ਨੂੰ ਇੰਨੀ ਘੱਟ ਰੌਣਕ ਹੈ ਤਾਂ ਦੀਵਾਲੀ ਦਾ ਉਤਸ਼ਾਹ ਵੀ ਲੋਕਾਂ ‘ਚ ਕੁਝ ਖਾਸ ਨਹੀਂ ਹੋਵੇਗਾ।