ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੋਰੋਨਾ ਨੇ ਜ਼ੋਰ ਫੜ ਲਿਆ ਹੈ। ਪਿਛਲੇ 4 ਦਿਨਾਂ 'ਚ ਕੇਸ ਚਾਰ ਗੁਣਾ ਹੋ ਗਏ ਹਨ। 27 ਦਸੰਬਰ ਨੂੰ ਪੰਜਾਬ 'ਚ ਸਿਰਫ਼ 46 ਪੌਜ਼ੀਟਿਵ ਮਾਮਲੇ ਸਾਹਮਣੇ ਆਏ ਸੀ, ਜੋ 30 ਦਸੰਬਰ ਨੂੰ ਵਧ ਕੇ 167 ਹੋ ਗਏ। ਕੋਰੋਨਾ ਦੀ ਪੌਜ਼ੀਟੀਵਿਟੀ ਦਰ ਵੀ 1% ਤੋਂ ਵਧ ਗਈ ਹੈ। ਇਹ ਤੀਜੀ ਲਹਿਰ ਦੀ ਦਸਤਕ ਮੰਨੀ ਜਾ ਰਹੀ ਹੈ। ਉਂਝ ਓਮੀਕ੍ਰੋਨ ਦਾ ਇਸ ਵੇਲੇ ਪੰਜਾਬ 'ਚ ਸਿਰਫ਼ 1 ਕੇਸ ਹੈ।
ਕੋਰੋਨਾ ਦੀ ਤੀਜੀ ਲਹਿਰ ਦਾ ਸਭ ਤੋਂ ਵੱਡਾ ਕਾਰਨ ਪੰਜਾਬ 'ਚ ਚੋਣ ਰੈਲੀਆਂ ਹੋ ਸਕਦੀਆਂ ਹਨ, ਜਿਸ 'ਚ ਸਿਆਸਤੀ ਪਾਰਟੀਆਂ ਆਪਣੀ ਤਾਕਤ ਦਿਖਾਉਣ ਲਈ ਭੀੜ ਇਕੱਠੀ ਕਰ ਰਹੀਆਂ ਹਨ। ਇੱਥੇ ਮਾਸਕ ਤੇ ਸਮਾਜਿਕ ਦੂਰੀ ਦੀਆਂ ਸਾਵਧਾਨੀਆਂ ਗ਼ਾਇਬ ਹਨ। ਅਗਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਮੋਦੀ, ਕਾਂਗਰਸੀ ਲੀਡਰ ਰਾਹੁਲ ਗਾਂਧੀ ਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਚੋਣ ਰੈਲੀਆਂ ਕਰ ਰਹੇ ਹਨ। ਉਧਰ, ਇਨ੍ਹਾਂ ਹਾਲਾਤਾਂ ਦੇ ਬਾਵਜੂਦ ਸਰਕਾਰ ਕੋਵਿਡ ਦੀ ਸਮੀਖਿਆ ਛੱਡ ਕੇ ਰੈਲੀਆਂ 'ਚ ਉਲਝੀ ਹੋਈ ਹੈ।
ਪੰਜਾਬ ਦੇ 10 ਜ਼ਿਲ੍ਹੇ ਅਜਿਹੇ ਹਨ, ਜਿੱਥੇ ਵੀਰਵਾਰ ਨੂੰ ਕੋਵਿਡ ਦੇ ਨਮੂਨਿਆਂ ਦੀ ਜਾਂਚ ਨਹੀਂ ਕੀਤੀ ਗਈ। ਇਨ੍ਹਾਂ 'ਚ ਮੋਹਾਲੀ, ਲੁਧਿਆਣਾ, ਜਲੰਧਰ, ਗੁਰਦਾਸਪੁਰ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ, ਅੰਮ੍ਰਿਤਸਰ, ਬਰਨਾਲਾ, ਹੁਸ਼ਿਆਰਪੁਰ ਅਤੇ ਤਰਨਤਾਰਨ ਸ਼ਾਮਲ ਹਨ। ਇਸ ਕਾਰਨ ਇੱਥੇ ਕੁਝ ਹੀ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ ਜ਼ਿਲ੍ਹਿਆਂ 'ਚ ਸਰਕਾਰ ਨੇ ਜ਼ਿਆਦਾ ਟੈਸਟ ਕੀਤੇ ਹਨ, ਉੱਥੇ ਵੀ ਜ਼ਿਆਦਾ ਮਰੀਜ਼ ਪਾਏ ਗਏ ਹਨ। ਪਠਾਨਕੋਟ 'ਚ 672 ਸੈਂਪਲ ਟੈਸਟ ਕੀਤੇ ਗਏ ਤੇ 46 ਮਰੀਜ਼ ਪਾਏ ਗਏ। ਪਟਿਆਲਾ 'ਚ 1205 ਸੈਂਪਲਾਂ ਦੀ ਜਾਂਚ ਤੋਂ ਬਾਅਦ 39 ਮਰੀਜ਼ ਪਾਏ ਗਏ। ਵੀਰਵਾਰ ਨੂੰ ਸਰਕਾਰ ਨੇ 15,171 ਸੈਂਪਲ ਟੈਸਟ ਕੀਤੇ। ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ Omicron ਵੇਰੀਐਂਟ ਨਾਲ ਨਜਿੱਠਣ ਲਈ ਇਕ ਦਿਨ 'ਚ 40 ਹਜ਼ਾਰ ਟੈਸਟ ਕੀਤੇ ਜਾਣਗੇ।
ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਕੋਵਿਡ ਮਾਮਲੇ ਸਬੰਧੀ ਸਮੀਖਿਆ ਮੀਟਿੰਗ ਹੋਈ ਸੀ, ਜਿਸ 'ਚ ਸਿਹਤ ਮਾਹਿਰਾਂ ਰਾਹੀਂ ਅਗਲੀ ਰਣਨੀਤੀ ਤਿਆਰ ਕੀਤੀ ਗਈ ਸੀ। ਹਾਲਾਂਕਿ ਮੁੱਖ ਮੰਤਰੀ ਬਦਲਣ ਤੋਂ ਬਾਅਦ ਕੋਈ ਸਮੀਖਿਆ ਮੀਟਿੰਗ ਨਹੀਂ ਹੋਈ। ਸਿਹਤ ਮੰਤਰਾਲੇ ਦੀ ਦੇਖ-ਰੇਖ ਦੇਖ ਰਹੇ ਡਿਪਟੀ ਸੀਐਮ ਓਪੀ ਸੋਨੀ ਨੇ ਕਈ ਮੀਟਿੰਗਾਂ ਕੀਤੀਆਂ ਹਨ ਪਰ ਇਸ 'ਚ ਦਿੱਤੀਆਂ ਹਦਾਇਤਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਨਹੀਂ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਪੂਰਾ ਧਿਆਨ ਸੂਬੇ 'ਚ ਚੋਣ ਰੈਲੀਆਂ 'ਤੇ ਹੈ। ਪੰਜਾਬ 'ਚ ਕੋਵਿਡ ਨੂੰ ਲੈ ਕੇ ਹੁਣ ਤਕ ਕੋਈ ਸਖ਼ਤੀ ਨਹੀਂ ਕੀਤੀ ਗਈ। ਅਜਿਹੇ 'ਚ ਜੇਕਰ ਹਾਲਾਤ ਹੋਰ ਵਿਗੜਦੇ ਹਨ ਤਾਂ ਪੰਜਾਬੀਆਂ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ।
ਇਹ ਵੀ ਪੜ੍ਹੋ: Goodbye 2021: ਸਾਲ 2021 ਇਨ੍ਹਾਂ ਕਾਰਨਾਂ ਕਰਕੇ ਯਾਦ ਰਹੇਗਾ, ਜਾਣੋ ਸਿਆਸਤ ਤੋਂ ਮਨੋਰੰਜਨ ਤਕ 10 ਵੱਡੀਆਂ ਘਟਨਾਵਾਂ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/