ਫ਼ਰੀਦਕੋਟ : 2016 'ਚ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ 'ਚ ਗੋਲੀਆਂ ਮਾਰ ਕੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਦਾ ਕ਼ਤਲ ਕਰ ਦਿੱਤਾ ਗਿਆ ਸੀ ,ਜਿਸ ਮਾਮਲੇ 'ਚ ਤਿੰਨ ਆਰੋਪੀਆਂ ਨੂੰ ਅੱਜ ਫਰੀਦਕੋਟ ਦੀ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਰੀ ਮੁਤਾਬਿਕ 13 ਜੂਨ 2016 ਨੂੰ ਪਿੰਡ ਬੁਰਜ ਜਵਾਹਰ ਸਿੰਘ 'ਚ ਕਰਿਆਨੇ ਦੀ ਦੁਕਾਨ ਕਰਦੇ ਪ੍ਰੇਮੀ ਗੁਰਦੇਵ ਸਿੰਘ ਨੂੰ ਕੁੱਝ ਲੋਕਾਂ ਵੱਲੋਂ ਗੋਲੀ ਮਾਰ ਦਿੱਤੀ ਗਈ , ਜਿਸ ਦੀ ਬਾਅਦ 'ਚ ਲੁਧਿਆਣਾ DMC ਹਸਪਤਾਲ 'ਚ ਮੌਤ ਹੋ ਗਈ ਸੀ।
ਇਸੇ ਹੀ ਪਿੰਡ 'ਚੋਂ 1 ਜੂਨ 2015 'ਚ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਸੀ ਅਤੇ ਗੁਰਦੇਵ ਸਿੰਘ ਦੀ ਦੁਕਾਨ ਇਸੇ ਗੁਰੂਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸੀ ਅਤੇ ਕਿਤੇ ਨਾ ਕਿਤੇ ਸਰੂਪ ਚੋਰੀ ਮਾਮਲੇ ਦੀ ਸਾਜ਼ਿਸ਼ 'ਚ ਇਸ 'ਤੇ ਸ਼ੱਕ ਜਤਾਇਆ ਜਾ ਰਿਹਾ ਸੀ ,ਜਿਸ ਨੂੰ ਹੱਤਿਆ ਦੀ ਵਜ੍ਹਾ ਮੰਨੀ ਜਾ ਰਹੀ ਸੀ। ਗੁਰਦੇਵ ਸਿੰਘ ਦੇ ਵਕੀਲ ਵਿਨੋਦ ਮੌਂਗਾ ਅਨੁਸਾਰ ਹੱਤਿਆ ਦੇ ਕੁੱਝ ਦਿਨ ਬਾਅਦ ਜ਼ਿਲ੍ਹਾ ਫਿਰੋਜ਼ਪੁਰ 'ਚ ਆਰਮ ਐਕਟ ਦੇ ਮਾਮਲੇ ਤਹਿਤ ਥਾਣਾ ਮੱਲਾ ਵਾਲਾ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਗੁਰਪ੍ਰੀਤ ਸਿੰਘ,ਅਸ਼ੋਕ ਕੁਮਾਰ ਅਤੇ ਜਸਵੰਤ ਸਿੰਘ ਨੂੰ ਗਿਰਫ਼ਤਾਰ ਕੀਤਾ ਗਿਆ ਸੀ।
ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਗੁਰਦੇਵ ਸਿੰਘ ਡੇਰਾ ਪ੍ਰੇਮੀ ਦੀ ਹੱਤਿਆ ਦਾ ਜ਼ੁਰਮ ਮੰਨਿਆ ਸੀ ਅਤੇ ਅਪਣੇ ਬਿਆਨਾਂ 'ਚ ਕਿਹਾ ਸੀ ਕਿ ਗੁਰਦੇਵ ਸਿੰਘ ਪ੍ਰੇਮੀ ਸਿੱਖ ਧਰਮ ਦੇ ਖਿਲਾਫ਼ ਗਲਤ ਬੋਲਦਾ ਹੈ ,ਜਿਸ ਕਰਕੇ ਇਸ ਦੀ ਹੱਤਿਆ ਕਰ ਦਿੱਤੀ ਗਈ, ਜਿਸ ਤੋਂ ਬਾਅਦ ਇਨ੍ਹਾਂ ਖਿਲਾਫ ਕਨੂੰਨੀ ਕਾਰਵਾਈ ਕਰਕੇ ਮਾਮਲਾ ਪੇਸ਼ ਅਦਾਲਤ ਕੀਤਾ ਗਿਆ ਸੀ ,ਜਿਸ 'ਤੇ ਮਾਨਯੋਗ ਅਦਾਲਤ ਵੱਲੋਂ ਫੈਸਲਾ ਸੁਣਾਉਦੇ ਹੋਏ ਤਿੰਨਾਂ ਆਰੋਪੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਪ੍ਰੇਮੀ ਗੁਰਦੇਵ ਸਿੰਘ ਦੇ ਵਕੀਲ ਵਿਨੋਦ ਮੌਂਗਾ ਨੇ ਦੱਸਿਆ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਮਾਮਲੇ ਨਾਲ ਇਸ ਦਾ ਕੋਈ ਸਬੰਧ ਨਹੀਂ ਸੀ ਸਿਰਫ ਇਸ ਤੇ ਇਹੀ ਦੋਸ਼ ਲਗਾਏ ਜਾ ਰਹੇ ਸਨ ਕਿ ਇਹ ਸਿੱਖ ਧਰਮ ਦੇ ਖਿਲਾਫ ਬੋਲਦਾ ਹੈ।