ਵਿਦੇਸ਼ ਤੋਂ ਇੱਕ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ, ਸੰਗਰੂਰ, ਹੁਸ਼ਿਆਰਪੁਰ ਅਤੇ ਐਸਬੀਐਸ ਨਗਰ ਦੇ ਤਿੰਨ ਪੰਜਾਬੀ ਨੌਜਵਾਨ ਈਰਾਨ ਵਿੱਚ ਲਾਪਤਾ ਹੋ ਗਏ ਹਨ। ਈਰਾਨ ਦੀ ਰਾਜਧਾਨੀ ਤੇਹਰਾਨ ਵਿੱਚ ਭਾਰਤੀ ਦੁਤਾਵਾਸ ਨੇ ਇਸ ਦੀ ਪੁਸ਼ਟੀ ਕਰਦਿਆਂ ਹੋਇਆਂ ਕਿਹਾ ਕਿ ਤਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਤਿੰਨਾਂ ਨੌਜਵਾਨਾਂ ਦੀ ਪਛਾਣ ਹੁਸ਼ਨਪ੍ਰੀਤ ਸਿੰਘ (ਸੰਗਰੂਰ), ਜਸਪਾਲ ਸਿੰਘ (ਐਸਬੀਐਸ ਨਗਰ) ਅਤੇ ਅੰਮ੍ਰਿਤਪਾਲ ਸਿੰਘ (ਹੁਸ਼ਿਆਰਪੁਰ) ਵਜੋਂ ਹੋਈ ਹੈ। ਇਹ ਤਿੰਨੇ ਨੌਜਵਾਨ 1 ਮਈ ਨੂੰ ਤੇਹਰਾਨ ਪਹੁੰਚਣ ਤੋਂ ਤਰੁੰਤ ਬਾਅਦ ਲਾਪਤਾ ਹੋ ਗਏ ਸਨ।
ਇਨ੍ਹਾਂ ਦੇ ਪਰਿਵਾਰਾਂ ਨੇ ਭਾਰਤੀ ਦੁਤਾਵਾਸ ਨੂੰ ਜਾਣਕਾਰੀ ਦਿੱਤੀ ਕਿ ਈਰਾਨ ਦਾ ਸਫਰ ਕਰਨ ਤੋਂ ਬਾਅਦ ਤਿੰਨੇ ਨੌਜਵਾਨ ਲਾਪਤਾ ਹਨ, ਉਨ੍ਹਾਂ ਦਾ ਕਿਤੇ ਪਤਾ ਨਹੀਂ ਲੱਗ ਰਿਹਾ ਹੈ। ਇਸ ਦੇ ਨਾਲ ਹੀ ਅਪੀਲ ਕੀਤੀ ਕਿ ਛੇਤੀ ਤੋਂ ਛੇਤੀ ਉਨ੍ਹਾਂ ਦੇ ਮੁੰਡਿਆਂ ਦਾ ਪਤਾ ਲਾਇਆ ਜਾਵੇ ਕਿ ਆਖਿਰ ਉਹ ਕਿੱਥੇ ਹਨ।
ਭਾਰਤੀ ਦੂਤਾਵਾਸ ਨੇ ਜਾਰੀ ਕੀਤਾ ਬਿਆਨ
ਭਾਰਤੀ ਦੂਤਾਵਾਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਨਿਯਮਿਤ ਤੌਰ 'ਤੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੁਆਰਾ ਕੀਤੇ ਜਾ ਰਹੀ ਕੋਸ਼ਿਸ਼ ਨੂੰ ਲੈਕੇ ਅਪਡੇਟ ਦੇ ਰਹੇ ਹਨ। ਦੂਤਾਵਾਸ ਨੇ ਕਿਹਾ ਕਿ ਉਹ ਨਿਯਮਿਤ ਤੌਰ 'ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਯਤਨਾਂ ਬਾਰੇ ਸੂਚਿਤ ਕਰ ਰਹੇ ਹਨ।
ਏਜੰਟ ਦੀ ਠੱਗੀ ਦਾ ਹੋਏ ਸ਼ਿਕਾਰ
ਪੰਜਾਬ ਦੇ ਇੱਕ ਏਜੰਟ ਨੇ ਤਿੰਨਾਂ ਨੂੰ ਦੁਬਈ-ਈਰਾਨ ਰੂਟ ਰਾਹੀਂ ਆਸਟ੍ਰੇਲੀਆ ਭੇਜਣ ਦਾ ਵਾਅਦਾ ਕੀਤਾ ਸੀ। ਉਸ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਈਰਾਨ ਵਿੱਚ ਰਿਹਾਇਸ਼ ਦਿੱਤੀ ਜਾਵੇਗੀ, ਪਰ 1 ਮਈ ਨੂੰ ਈਰਾਨ ਪਹੁੰਚਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ। ਪਰਿਵਾਰਾਂ ਨੇ ਕਿਹਾ ਕਿ ਅਗਵਾਕਾਰਾਂ ਨੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ।
ਪਰਿਵਾਰ ਦੇ ਅਨੁਸਾਰ, ਅਗਵਾਕਾਰਾਂ ਨੇ ਉਨ੍ਹਾਂ ਨੂੰ ਪੀਲੀਆਂ ਰੱਸੀਆਂ ਨਾਲ ਬੰਨ੍ਹਿਆਂ ਹੋਇਆਂ ਅਤੇ ਉਨ੍ਹਾਂ ਦੇ ਹੱਥਾਂ ਤੋਂ ਖੂਨ ਵਗਦਿਆਂ ਹੋਇਆਂ ਦੀ ਇੱਕ ਵੀਡੀਓ ਭੇਜੀ ਸੀ। ਉਨ੍ਹਾਂ ਕਿਹਾ ਕਿ ਅਗਵਾਕਾਰਾਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਪੈਸੇ ਨਾ ਭੇਜੇ ਤਾਂ ਉਹ ਤਿੰਨਾਂ ਨੂੰ ਮਾਰ ਦੇਣਗੇ। ਪੀੜਤ ਅਗਵਾਕਾਰਾਂ ਦੇ ਫੋਨਾਂ ਤੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਦੇ ਸਨ, ਪਰ 11 ਮਈ ਤੋਂ ਬਾਅਦ, ਪਰਿਵਾਰ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਸਕਿਆ ਹੈ। ਹੁਸ਼ਿਆਰਪੁਰ ਤੋਂ ਏਜੰਟ ਜਿਸ ਨੇ ਇਨ੍ਹਾਂ ਨੂੰ ਵਿਦੇਸ਼ ਭੇਜਿਆ ਸੀ, ਕਥਿਤ ਤੌਰ 'ਤੇ ਲਾਪਤਾ ਹੈ।