ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਲੀ ਲੈਬ ਵੱਲੋਂ ਕਥਿਤ ਕੋਵਿਡ ਟੈਸਟ ਘੁਟਾਲੇ ਦੀ ਜਾਂਚ ਲਈ ਐਤਵਾਰ ਨੂੰ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਐਲਾਨ ਕੀਤਾ ਹੈ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਿੱਜੀ ਹਸਪਤਾਲਾਂ ਜਾਂ ਲੈਬੋਰਟਰੀਆਂ ਨੂੰ ਮਹਾਮਾਰੀ ਦੌਰਾਨ ਸੰਕਟ 'ਚ ਫਸੇ ਲੋਕਾਂ ਤੋਂ ਮੁਨਾਫਾ ਨਹੀਂ ਹੋਣ ਦੇਵੇਗੀ।

ਆਪਣੇ #AskCaptain ਸੋਸ਼ਲ ਮੀਡੀਆ ਲਾਈਵ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਤੁਲੀ ਲੈਬ ਖਿਲਾਫ ਸ਼ਿਕਾਇਤ ਮਿਲੀ ਸੀ ਅਤੇ ਵਿਜੀਲੈਂਸ ਬਿਊਰੋ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਸੀ। ਪਰ ਜਦੋਂ ਮੁਢਲੀ ਜਾਂਚ ਤੋਂ ਪਤਾ ਚੱਲਿਆ ਕਿ ਕਿਸੇ ਸਰਕਾਰੀ ਵਿਭਾਗ ਜਾਂ ਅਧਿਕਾਰੀ ਦੀ ਕੋਈ ਸ਼ਮੂਲੀਅਤ ਨਹੀਂ ਸੀ ਤਾਂ ਜਾਂਚ ਪੰਜਾਬ ਪੁਲਿਸ ਦੇ ਹੱਥ ਦੇ ਦਿੱਤੀ ਗਈ।

3 ਮੈਂਬਰੀ ਐਸਆਈਟੀ ਦੀ ਅਗਵਾਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਕਰਨਗੇ ਅਤੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਬਤੌਰ ਮੈਂਬਰ ਹੋਣਗੇ।