Firozpur Firing Case: ਫਿਰੋਜ਼ਪੁਰ ਕਤਲ ਕਾਂਡ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੀਡੀਓ ਸ਼ੇਅਰ ਕਰਕੇ ਗੰਭੀਰ ਸਵਾਲ ਉਠਾਏ ਹਨ। 


ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਨੂੰ ਇੱਕ ਐਬੂਲੈਂਸ ਵੀ ਨਹੀਂ ਮਿਲੀ...ਆਟੋ ਰਿਕਸ਼ਾ 'ਚ ਜ਼ਖਮੀ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਗਈ। ਇੱਕ ਪਰਿਵਾਰ ਦੇ ਤਿੰਨ ਜੀਅ ਦਿਨ ਦਿਹਾੜੇ ਮਾਰੇ ਗਏ। ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਲੜਖੜਾਈ ਹੋਈ ਹੈ। ਮੁੱਖ ਮੰਤਰੀ ਫੋਕੀ ਬਿਆਨਬਾਜੀ 'ਚ ਵਿਅਸਥ ਹਨ।



ਦੱਸ ਦਈਏ ਕਿ ਮੰਗਲਵਾਰ ਨੂੰ ਫ਼ਿਰੋਜ਼ਪੁਰ ਸ਼ਹਿਰ 'ਚ ਬਾਈਕ 'ਤੇ ਆਏ 6 ਬਦਮਾਸ਼ਾਂ ਨੇ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ ਸੀ। ਇਸ ਵਿੱਚ ਚਚੇਰੇ ਭਰਾ ਤੇ ਭੈਣ ਸਮੇਤ 3 ਦੀ ਮੌਤ ਹੋ ਗਈ ਸੀ। ਇਸ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਜਸਪ੍ਰੀਤ ਕੌਰ, ਦਿਲਦੀਪ ਸਿੰਘ ਤੇ ਅਕਾਸ਼ਦੀਪ ਵਾਸੀ ਕੰਬੋਜ ਨਗਰ ਵਜੋਂ ਹੋਈ ਹੈ, ਜਦਕਿ ਜੰਟੀ ਤੇ ਅਨਮੋਲ ਸਿੰਘ ਜ਼ਖ਼ਮੀ ਹੋ ਗਏ। 


 



ਹਾਸਲ ਜਾਣਕਾਰੀ ਮੁਤਾਬਕ ਜਸਪ੍ਰੀਤ ਕੌਰ ਤੇ ਦਿਲਦੀਪ ਸਿੰਘ ਚਚੇਰੇ ਭਰਾ ਸਨ, ਜਦਕਿ ਆਕਾਸ਼ਦੀਪ ਦਿਲਦੀਪ ਸਿੰਘ ਦਾ ਦੋਸਤ ਸੀ। ਜ਼ਖਮੀ ਅਨਮੋਲ ਸਿੰਘ ਜਸਪ੍ਰੀਤ ਦਾ ਅਸਲੀ ਭਰਾ ਤੇ ਜੈਂਤੀ ਅਨਮੋਲ ਦਾ ਦੋਸਤ ਹੈ। ਬਦਮਾਸ਼ ਦਿਲਦੀਪ ਸਿੰਘ ਨੂੰ ਮਾਰਨ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਦਿਲਦੀਪ ਅਪਰਾਧਿਕ ਸੁਭਾਅ ਦਾ ਸੀ। ਉਹ ਆਸ਼ੀਸ਼ ਗੈਂਗ ਦਾ ਨਿਸ਼ਾਨਾ ਸੀ।


ਕੱਪੜੇ ਖਰੀਦਣ ਜਾ ਰਹੇ ਸੀ
ਹਾਸਲ ਜਾਣਕਾਰੀ ਅਨੁਸਾਰ ਜਸਪ੍ਰੀਤ ਕੌਰ ਦਾ ਇੱਕ ਮਹੀਨੇ ਬਾਅਦ ਵਿਆਹ ਹੋਣ ਵਾਲਾ ਸੀ। ਉਸ ਦੇ ਪਿਤਾ ਦੀ 5 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਅਜਿਹੇ 'ਚ ਉਸ ਦੇ ਵਿਆਹ ਦੀ ਜ਼ਿੰਮੇਵਾਰੀ ਉਸ ਦੇ ਚਚੇਰੇ ਭਰਾ ਦਿਲਦੀਪ ਸਿੰਘ ਉਰਫ ਲਾਲੀ ਨੇ ਲਈ ਸੀ। ਮੰਗਲਵਾਰ ਨੂੰ ਦਿਲਦੀਪ ਸਿੰਘ, ਜਸਪ੍ਰੀਤ ਕੌਰ ਤੇ ਚਚੇਰੇ ਭਰਾ ਤੇ ਦੋਸਤ ਨਾਲ ਕਾਰ 'ਚ ਕੱਪੜੇ ਖਰੀਦਣ ਜਾ ਰਿਹਾ ਸੀ।


ਇਸ ਸਬੰਧੀ ਸੂਚਨਾ ਮਿਲਦਿਆਂ ਹੀ ਆਸ਼ੀਸ਼ ਗੈਂਗ ਨੇ ਅਕਾਲਗੜ੍ਹ ਗੁਰਦੁਆਰੇ ਨੇੜੇ ਉਨ੍ਹਾਂ ਨੂੰ ਘੇਰ ਲਿਆ। ਬਦਮਾਸ਼ਾਂ ਨੇ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ 'ਚ ਜਸਪ੍ਰੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦਿਲਦੀਪ ਸਿੰਘ ਤੇ ਅਕਾਸ਼ਦੀਪ ਸਿੰਘ ਦੀ ਹਸਪਤਾਲ 'ਚ ਮੌਤ ਹੋ ਗਈ।



ਘਟਨਾ ਦੀ ਸੂਚਨਾ ਮਿਲਦੇ ਹੀ ਡੀਆਈਜੀ ਅਜੈ ਮਲੂਜਾ, ਐਸਪੀ ਸੌਮਿਆ ਮਿਸ਼ਰਾ ਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਡੌਗ ਸਕੁਐਡ ਤੇ ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਕਰੀਬ 50 ਖਾਲੀ ਖੋਲ ਬਰਾਮਦ ਕੀਤੇ ਹਨ। ਪੁਲਿਸ ਬਦਮਾਸ਼ਾਂ ਦੀ ਪਛਾਣ ਕਰਨ ਲਈ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।