ਮਲੇਰਕੋਟਲਾ : ਆਈ.ਜੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਅਤੇ ਅਵਨੀਤ ਕੌਰ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਬੀਤੇ ਕੱਲ ਮਲੇਰਕੋਟਲਾ ਦੇ ਨਜ਼ਦੀਕ ਜਿੰਮ ਮਾਲਕ ਮੁਹੰਮਦ ਅਕਬਰ ਉਰਫ ਭੋਲੀ ਵਾਸੀ ਨਵੀ ਅਬਾਦੀ ਸਰਹੰਦੀ ਗੇਟ ਮਲੇਰਕੋਟਲਾ ਦਾ 2 ਅਣਪਛਾਤੇ ਮੋਟਰਸਾਇਕਲ ਸਵਾਰ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀ। ਕਤਲ ਤੋਂ ਬਾਅਦ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਲੇਰਕੋਟਲਾ ਵੱਲੋਂ ਮ੍ਰਿਤਕ ਮੁਹੰਮਦ ਅਕਬਰ ਦੀ ਪਤਨੀ ਅਕਬਰੀ ਦੇ ਬਿਆਨ 'ਤੇ ਥਾਣਾ ਸਿਟੀ-1 ਮਲੇਰਕੋਟਲਾ ਵਿੱਚ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। 


ਤਫਤੀਸ ਦੌਰਾਨ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮ੍ਰਿਤਕ ਮਹੁੰਮਦ ਅਕਬਰ ਨੇ ਇੱਕ ਦੁਕਾਨ ਗਰੇਵਾਲ ਚੌਕ ਮਲੇਰਕੋਟਲਾ ਵਿਖੇ ਵਸੀਮ ਇਕਬਾਲ ਉਰਫ ਸੋਨੀ ਪੁੱਤਰ ਮਹੁੰਮਦ ਨਜੀਰ ਨੂੰ ਕਰੀਬ 13-14 ਸਾਲ ਤੋਂ ਕਿਰਾਏ ਪਰ ਦਿੱਤੀ ਹੋਈ ਸੀ। ਜਿਸ ਵਿੱਚ ਵਸੀਮ ਇਕਬਾਲ ਉਰਫ ਸੋਨੀ NS ਆਟੋ ਡੀਲਰ ਦੇ ਨਾਮ 'ਤੇ ਪੁਰਾਣੇ ਮੋਟਰਸਾਇਕਲ ਖ੍ਰੀਦਣ ਅਤੇ ਵੇਚਣ ਦਾ ਕੰਮ ਕਰਦਾ ਸੀ। ਵਸੀਮ ਦਾ ਮਹੁੰਮਦ ਅਕਬਰ ਨਾਲ ਕਾਫੀ ਪੈਸਿਆ ਦਾ ਲੈਣ ਦੇਣ ਚੱਲਦਾ ਸੀ। 


ਸਾਲ 2015 ਤੋਂ ਲੈ ਕੇ ਵਸੀਮ ਇਕਬਾਲ , ਮਹੁੰਮਦ ਅਕਬਰ ਤੋਂ ਕਰੀਬ ਢਾਈ ਕਰੋੜ ਰੁਪਏ ਮੋਟਰਸਾਇਕਲ ਅਤੇ ਕੱਪੜੇ ਦੇ ਵਪਾਰ ਵਿੱਚ ਲੈ ਕੇ ਲਗਾ ਚੁੱਕਾ ਸੀ। ਹੁਣ ਕਰੀਬ ਇੱਕ ਹਫ਼ਤਾ ਪਹਿਲਾਂ ਮਹੁੰਮਦ ਅਕਬਰ ,ਇਕਬਾਲ ਤੋਂ ਅਪਣੇ ਪੈਸੇ ਵਾਪਿਸ ਮੰਗ ਰਿਹਾ ਸੀ ਪਰ ਵਸੀਮ ਇਕਬਾਲ ਨੇ ਮਹੰਮਦ ਅਕਬਰ ਦੇ ਪੈਸੇ ਵਾਪਿਸ ਕਰਨ ਦੀ ਬਜਾਏ ਆਪਣੇ ਦੂਸਰੇ ਵਿਆਹ ਦੇ ਸਾਲੇ ਮਹੁੰਮਦ ਆਸਿਫ ਵਾਸੀ ਛੋਟਾ ਖਾਰਾ ਨੇੜੇ ਮਾਨਾ ਫਾਟਕ ਮਲੇਰਕੋਟਲਾ ਨਾਲ ਮਹੁੰਮਦ ਅਕਬਰ ਦੇ ਕਤਲ ਕਰਨ ਦੀ ਸਾਜਿਸ਼ ਰੱਚ ਲਈ। 


ਵਸੀਮ ਇਕਬਾਲ ਨੇ ਰਾਤ ਨੂੰ ਕਰੀਬ ਸਾਡੇ ਤਿੰਨ ਵਜੇ ਮਲੇਰਕੋਟਲਾ ਵਾਪਿਸ ਆ ਕੇ ਦੇਸੀ ਕੱਟਾ ਅਤੇ ਕਾਰਤੂਸ ਆਪਣੇ ਸਾਲੇ ਮਹੁੰਮਦ ਆਸਿਫ ਨੂੰ ਦੇ ਦਿੱਤੇ ਸਨ। ਫਿਰ ਮਹੁੰਮਦ ਆਸਿਫ ਆਪਣੇ ਨਾਲ ਆਪਣੇ ਦੋਸਤ ਮਹੁੰਮਦ ਮੁਰਸਦ ਪੁੱਤਰ ਮਹੁੰਮਦ ਸਮਸ਼ਾਦ ਵਾਸੀ ਮਹੱਲਾ ਬਾਲੂ ਕੀ ਬਸਤੀ ਮਲੇਰਕੋਟਲਾ ਨੂੰ ਨਾਲ ਲੈ ਕੇ ਵਸੀਮ ਇਕਬਾਲ ਸੋਨੀ ਉਕਤ ਦੀ ਦੁਕਾਨ ਤੋ ਇੱਕ ਮੋਟਰਸਾਇਕਲ ਲੈ ਕੇ ਵਾਰਦਾਤ ਵਾਲੀ ਜਗਾ 'ਤੇ ਚੱਲੇ ਗਏ। ਜਿੱਥੇ ਮਹੁੰਮਦ ਅਕਬਰ ਉਰਫ ਭੋਲੀ ਉਕਤ ਦਾ ਜਿੰਮ ਵਿੱਚ ਕਤਲ ਕਰਕੇ ਮੌਕੇ ਤੋਂ ਭੱਜ ਗਏ।


ਇਨ੍ਹਾਂ ਦੋਸ਼ੀਆਂ ਵਿੱਚੋ ਅੱਜ ਵਸੀਮ ਇਕਬਾਲ ਉਰਫ ਸੋਨੀ, ਮਹੁੰਮਦ ਸਾਦਾਵ ਅਤੇ ਤਹਿਸੀਮ ਉਕਤ ਨੂੰ ਫਾਰਚੂਨਰ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਦੋਸੀ ਮਹੁੰਮਦ ਆਸਿਫ ਅਤੇ ਮਹੁੰਮਦ ਮੁਰਸਦ ਦੀ ਗ੍ਰਿਫਤਾਰੀ ਸਬੰਧੀ ਵੱਖ- ਵੱਖ ਟੀਮਾਂ ਬਣਾ ਕੇ ਭੇਜੀਆਂ ਹੋਈਆਂ ਹਨ। ਇਨ੍ਹਾਂ ਦੋਸ਼ੀਆਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਪੜਤਾਲ ਤੋਂ ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਮਹੁੰਮਦ ਮੁਰਸਦ ਦੇ ਖਿਲਾਫ ਪਹਿਲਾਂ ਵੀ ਅਸਲਾ ਐਕਟ ਤਹਿਤ ਮੁਕਦਮਾ ਦਰਜ ਹੈ।