ਅਸ਼ਰਫ਼ ਢੁੱਡੀ ਦੀ ਰਿਪੋਰਟ
Lok Sabha Election: ਲੋਕ ਸਭਾ ਚੋਣਾਂ ਲਈ ਪੰਜਾਬ 'ਚ ਹੋਣ ਵਾਲੀ ਵੋਟਿੰਗ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਤਿਆਰੀ ਪੂਰੀ ਕਰ ਲਈ ਗਈ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਇਸ ਸੰਬਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਵਿੱਚ ਕੁੱਲ 24451 ਪੋਲਿੰਗ ਸਟੇਸ਼ਨ ਹਨ। ਇਸ ਦੇ ਨਾਲ ਹੀ 14000 ਪੋਲਿੰਗ ਸਟੇਸ਼ਨ ਲੋਕੇਸ਼ਨ ਹਨ। ਇਨ੍ਹਾਂ ਵਿੱਚ 1 ਲੱਖ 25 ਹਜ਼ਾਰ ਦੇ ਕਰੀਬ ਪੋਲਿੰਗ ਸਟਾਫ ਆਪਣੀ ਡਿਉਟੀ ਨਿਭਾਏਗਾ।
ਉਧਰ, ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਚੋਣ ਕਮਿਸ਼ਨ ਨੇ ਕਿਹਾ ਕਿ ਲੋਕਾਂ ਲਈ ਛਬੀਲ ਦਾ ਪ੍ਰਬੰਧ ਕੀਤਾ ਹੋਇਆ ਹੈ ਤੇ ਧੁੱਪ ਤੋਂ ਬਚਣ ਲਈ ਸ਼ੈੱਡ ਦਾ ਪ੍ਰਬੰਧ ਕੀਤਾ ਗਿਆ ਹੈ। ਆਸ਼ਾ ਵਰਕਰਾਂ ਨੂੰ ਲੋਕਾਂ ਦੀ ਮਦਦ ਲਈ ਤਾਇਨਾਤ ਕੀਤਾ ਹੈ। ਵੋਟਿੰਗ ਦੌਰਾਨ 70 ਹਜ਼ਾਰ ਦੇ ਕਰੀਬ ਸੁਰੱਖਿਆ ਕਰਮੀ ਡਿਉਟੀ ਨਿਭਾਉਣਗੇ।
ਸ੍ਰੀ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਆਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਬੰਦ ਹੈ। ਅੰਮ੍ਰਿਤਪਾਲ ਸਿੰਘ ਆਪਣੀ ਵੋਟ ਪਾ ਸਕਣਗੇ ਜਾਂ ਨਹੀਂ ਇਸ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਉਹ ਐਨਐਸਏ ਤਹਿਤ ਜੇਲ੍ਹ ਵਿੱਚ ਬੰਦ ਹੈ, ਇਸ ਲਈ ਉਹ ਵੋਟ ਨਹੀਂ ਪਾ ਸਕੇਗਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ। ਅੰਤਰਰਾਸ਼ਟਰੀ ਬਾਰਡਰ ਦੇ ਨਾਲ ਪੰਜਾਬ ਦੇ 6 ਜਿਲ੍ਹੇ ਲੱਗਦੇ ਹਨ। ਇਸ ਲਈ ਸਰਹੱਦੀ ਜ਼ਿਲ੍ਹਿਆਂ ਵਿੱਚ ਵੀ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਵਾਰ 5 ਲੱਖ 38 ਹਜਾਰ ਨਵੇਂ ਵੋਟਰ ਹਨ ਜੋ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ।
ਪੰਜਾਬੀ ਗਾਇਕ ਤਰਸੇਮ ਜੱਸੜ ਤੇ ਸ਼ੁਭਮਨ ਗਿੱਲ ਨੂੰ ਚੋਣ ਕਮਿਸ਼ਨ ਨੇ ਬ੍ਰਾਂਡ ਅਬੈਂਸਡਰ ਬਣਾਇਆ ਹੈ ਤਾਂ ਜੋ ਵੱਧ ਤੋ ਵੱਧ ਨੌਜਵਾਨ ਵੋਟ ਪਾਉਣ ਲਈ ਆਉਣ। ਦਿਵਿਆਂਗ ਲੋਕਾਂ ਲਈ ਵੋਟ ਪਾਉਣ ਲਈ ਘਰ ਤੋਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ ਪਰ ਹੁਣ ਉਹ ਸਮਾਂ ਲੰਘ ਚੁੱਕਿਆ ਹੈ। ਇਸ ਲਈ ਜੇਕਰ ਕਿਸੇ ਦੀ ਵੋਟ ਅਜੇ ਤੱਕ ਕਾਸਟ ਨਹੀਂ ਹੋਈ ਤਾਂ ਉਨ੍ਹਾਂ ਦਿਵਿਆਂਗ ਵਿਅਕਤੀਆਂ ਲਈ ਘਰ ਤੋਂ ਪੋਲਿੰਗ ਬੂਥ ਤੱਕ ਲੈ ਕੇ ਜਾਣ ਤੇ ਵਾਪਸ ਘਰ ਛੱਡ ਕੇ ਜਾਣ ਦਾ ਪ੍ਰਬੰਧ ਵੀ ਚੋਣ ਕਮੀਸ਼ਨ ਵੱਲੋਂ ਕੀਤਾ ਗਿਆ ਹੈ।