ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਆਖਰੀ ਦਿਨ ਹੈ। ਅੱਜ ਵਿਧਾਨ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋ ਜਾਵੇਗੀ। ਅੱਜ ਦਾ ਦਿਨ ਕਾਫ਼ੀ ਹੰਗਾਮੇ ਭਰਿਆ ਰਹਿਣ ਵਾਲਾ ਹੈ। ਸਭ ਤੋਂ ਵੱਡਾ ਮੁੱਦਾ ਹੈ ਕਿ ਅੱਜ ਪੰਜਾਬ ਸਰਕਾਰ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਲਈ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਸੋਧ ਕਰਨ ਜਾ ਰਹੀ ਹੈ। ਸਿੱਖ ਗੁਰਦੁਆਰਾ ਸੋਧ ਬਿੱਲ 2023 ਅੱਜ ਵਿਧਾਨ ਸਭਾ ਵਿੱਚ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਅੱਜ ਦੂਸਰਾ ਹੋਰ ਵੱਡਾ ਮਤਾ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਲੈ ਕੇ ਆ ਰਹੀ ਹੈ। ਪੰਜਾਬ ਸਰਕਾਰ ਸੂਬੇ ਦੀਆਂ ਯੂਨੀਵਰਸਿਟੀਆਂ ਵਿੱਚ ਵਾਇਸ ਚਾਂਸਲਰਾਂ ਦੀ ਨਿਯੁਕਤੀ ਆਪਣੇ ਹੱਥ ਰੱਖਣ ਲਈ ਵਿਧਾਨ ਸਭਾ ਵਿੱਚ ਮਤਾ ਪੇਸ਼ ਕਰਨ ਜਾ ਰਹੀ ਹੈ। 



ਵਿਧਾਨ ਸਭਾ ਵਿੱਚ ਭਾਜਪਾ ਨੇ ਬਾਈਕਾਟ ਕਰ ਦਿੱਤਾ ਹੈ ਯਾਨੀ 2 ਬੀਜੇਪੀ ਦੇ ਵਿਧਾਇਕ ਸਦਨ ਦੀ ਕਾਰਵਾਈ 'ਚ ਹਾਜ਼ਰ ਨਹੀਂ ਰਹਿਣਗੇ। ਇਹਨਾਂ ਤੋਂ ਇਲਾਵਾ ਜੇਕਰ ਬਾਕੀ ਵਿਰੋਧੀ ਪਾਰਟੀਆਂ ਵੀ ਵਾਕ ਆਊਟ ਕਰ ਦਿੰਦੀਆਂ ਹਨ ਤਾਂ ਵੀ ਇਹ ਦੋਵੇਂ ਵੱਡੇ ਮੱਤੇ ਵਿਧਾਨ ਸਭਾ ਵਿੱਚ ਪਾਸ ਹੋ ਜਾਣਗੇ ਕਿਉਂਕਿ ਆਮ ਆਦਮੀ ਪਾਰਟੀ ਕੋਲ ਵਿਧਾਨ ਸਭਾ ਵਿੱਚ ਬਹੁਮਤ ਹੈ। 117 ਵਿਧਾਇਕਾਂ ਵਿੱਚੋਂ ਆਮ ਆਦਮੀ ਪਾਰਟੀ ਦੇ 92 ਵਿਧਾਇਕ ਹਨ। ਇਸੇ ਤਰ੍ਹਾਂ ਅੱਜ ਦੀ ਕਾਰਵਾਈ ਵਿੱਚ 91 ਵਿਧਾਇਕਾ ਮਤੇ ਦੇ ਹੱਕ ਵਿੱਚ ਵੋਟ ਪਾ ਸਕਦੇ ਹਨ। ਜਿਸ ਦੇ ਲਈ ਵਿਰੋਧੀਆਂ ਦੀ ਜ਼ਰੂਰਤ ਨਹੀਂ ਪਵੇਗੀ। 


ਇਹਨਾਂ ਮਤਿਆਂ ਦਾ ਵੀ ਜ਼ਿਕਰ ਕਰ ਲੈਂਦੇ ਹਾਂ ਕਿ ਦੇਖਿਆ ਜਾਵੇ ਤਾਂ ਮੌਜੂਦਾ ਸਮੇਂ ਪੰਜਾਬ ਦੇ ਰਾਜਪਾਲ ਕੋਲ ਸਾਰੇ ਅਧਿਕਾਰ ਹਨ ਯੂਨੀਵਰਸਿਟੀਆਂ ਵਿੱਚ ਵੀਸੀ ਦੀ ਨਿਯੁਕਤੀ ਕਰਨ ਦੇ ਲਈ। ਪੰਜਾਬ ਸਰਕਾਰ ਨੇ ਜੇਕਰ ਕਿਸੇ ਯੂਨੀਵਰਸਿਟੀ ਵਿੱਚ ਵਾਇਸ ਚਾਂਸਲਰ ਲਗਾਉਂਣਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਅਫ਼ਸਰਾਂ ਦੇ ਨਾਮਾਂ ਦਾ ਇੱਕ ਪੈਨਲ ਬਣਾ ਕੇ ਰਾਜਪਾਲ ਨੂੰ ਭੇਜਣਾ ਹੁੰਦਾ ਹੈ। ਇਸ ਤੋਂ ਬਾਅਦ ਰਾਜਪਾਲ ਆਪਣੇ ਪੱਧਰ 'ਤੇ ਅਫਸ਼ਰਾਂ ਦੀ ਸੀਨੀਆਰਤਾ ਦੇਖ ਕੇ ਉਸ ਪੈਨਲ ਵਿੱਚੋਂ ਇੱਕ ਨੂੰ ਨਿਯੁਕਤ ਕਰਦਾ ਹੈ। 



ਦੂਜੇ ਪਾਸੇ ਜਿਹੜਾ ਮਤਾ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਆ ਰਹੀ ਹੈ ਉਸ ਵਿੱਚ  ਪੰਜਾਬ ਸਰਕਾਰ ਕਿਸੇ ਸਰਕਾਰੀ ਅਦਾਰੇ ਨੂੰ ਗੁਰਬਾਣੀ ਪ੍ਰਸਾਰਣ ਦੇ ਹੱਕ ਨਹੀਂ ਦੇ ਰਹੀਂ ਸਗੋਂ ਮਾਨ ਸਰਕਾਰ ਨੇ ਸਾਰੇ ਦੇ ਸਾਰੇ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਦਿੱਤੇ ਹਨ। ਸਿੱਖ ਗੁਰਦੁਆਰਾ ਸੋਧ ਐਕਟ 2023 ਵਿੱਚ ਕੁੱਝ ਸ਼ਰਤਾਂ ਅਤੇ ਹਦਾਇਤਾਂ ਵੀ ਰੱਖੀਆਂ ਗਈਆਂ ਹਨ। ਸਿੱਖ ਗੁਰਦੁਆਰਾ ਸੋਧ ਐਕਟ 2023 ਨੂੰ ਕੱਲ੍ਹ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਲੈ ਕੇ ਆਵੇਗੀ। ਜਿਸ ਤੋਂ ਬਾਅਦ ਇਸ ਨੂੰ ਕਾਨੂੰਨ ਬਣਾਉਣ ਲਈ ਅੱਗੇ ਭੇਜ ਦਿੱਤਾ ਜਾਵੇਗਾ।