ਤਰਨਤਾਰਨ : ਤਰਨਤਾਰਨ ਦੇ ਪਿੰਡ ਉਸਮਾਨ ਨੈਸ਼ਨਲ ਹਾਈਵੇ 54 'ਤੇ ਸਥਿਤ ਟੋਲ ਪਲਾਜ਼ਾ 'ਤੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ। ਟੋਲ ਪਲਾਜ਼ਾ ਤੋਂ ਲੰਘਦੇ ਸਮੇਂ ਫਾਸਟੈਗ ਤੋਂ 150 ਰੁਪਏ ਕੱਟ ਜਾਣ ਕਾਰਨ ਇਕ ਇਨੋਵਾ ਕਾਰ ਚਾਲਕ ਨੇ ਆਪਣੇ ਸਾਥੀਆ ਨਾਲ ਮਿਲ ਕੇ ਟੋਲ ਕਰਮਚਾਰੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਕਾਰ ਚਾਲਕ ਉਸਦੇ ਸਾਥੀ ਕੁੱਟਮਾਰ ਕਰਨ ਤੋਂ ਬਾਅਦ ਉਥੋਂ ਫਰਾਰ ਹੋ ਗਏ। ਟੋਲ ਕਰਮਚਾਰੀ ਦੀ ਪਛਾਣ ਦਿਲਜੋਤ ਸਿੰਘ ਵਜੋ ਹੋਈ ਹੈ।

 

ਦਿਲਜੋਤ ਸਿੰਘ ਟੋਲ ਪਲਾਜ਼ਾ 'ਤੇ ਕੰਮ ਕਰਦਾ ਹੈ। ਫਿਲਹਾਲ ਦਿਲਜੋਤ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸਦਾ ਇਲਾਜ਼ ਚੱਲ ਰਿਹਾ ਹੈ। ਇਹ ਘਟਨਾ ਟੋਲ ਪਲਾਜ਼ਾ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜਿਸ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਨਾਲ ਕਾਰ ਚਾਲਕ ਅਤੇ ਉਸਦੇ ਸਾਥੀ ਕਰਮਚਾਰੀ ਦੀ ਕੁੱਟਮਾਰ ਕਰ ਰਹੇ ਹਨ। ਪੁਲਿਸ ਨੇ ਟੋਲ ਪ੍ਰਬੰਧਕ ਦੀ ਸ਼ਿਕਾਇਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

 

ਜ਼ਖ਼ਮੀ ਦਿਲਜੋਤ ਸਿੰਘ ਨੇ ਦੱਸਿਆ ਕਿ ਟੋਲ ਪਲਾਜ਼ਾ 'ਤੇ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਦਾ ਟੋਲ ਟੈਕਸ ਮੁਆਫ਼ ਕੀਤਾ ਗਿਆ ਹੈ। ਇਸ ਦੌਰਾਨ ਪਿੰਡ ਸ਼ੇਰੋਂ ਦੇ ਰਹਿਣ ਵਾਲੇ ਇੱਕ ਇਨੋਵਾ ਕਾਰ ਚਾਲਕ ਟੋਲ ਤੋਂ ਲੰਘ ਰਿਹਾ ਸੀ। ਇਸ ਦੌਰਾਨ ਉਸ ਦੀ 150 ਰੁਪਏ ਦੀ ਰਕਮ ਆਟੋਮੈਟਿਕ ਫਾਸਟੈਗ ਰਾਹੀਂ ਕੱਟੀ ਗਈ। ਜਦੋਂ ਇਨੋਵਾ ਚਾਲਕ ਨੇ ਦੱਸਿਆ ਕਿ ਉਹ 20 ਕਿਲੋਮੀਟਰ ਦੇ ਘੇਰੇ ਵਿੱਚ ਆਉਂਦਾ ਹੈ ਤਾਂ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਨੇ ਕੱਟੀ ਗਈ ਰਕਮ ਦੀ ਬਜਾਏ ਕੁਛ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ। 

 

ਇਸ ਦੌਰਾਨ ਇਨੋਵਾ ਚਾਲਕ ਨੇ ਆਪਣੇ ਕੁਝ ਸਾਥੀਆਂ ਨੂੰ ਫੋਨ ਕਰਕੇ ਬੁਲਾ ਲਿਆ ਅਤੇ ਗੁੰਡਾਗਰਦੀ ਕਰਦੇ ਹੋਏ ਟੋਲ ਪਲਾਜ਼ਾ ਕਰਮਚਾਰੀ ਦਿਲਜੋਤ ਸਿੰਘ ਵਾਸੀ ਪਿੰਡ ਦਧੇਰ ਸਾਹਿਬ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। ਇਸ ਦੀ ਵੀਡੀਓ ਟੋਲ ਪਲਾਜ਼ਾ 'ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਟੋਲ ਕਰਮਚਾਰੀ ਦਿਲਜੋਤ ਸਿੰਘ ਨੇ ਪੁਲਿਸ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ।

 

ਪਿੰਡ ਨੁਸ਼ਹਿਰਾ ਪੁਲਿਸ ਚੌਂਕੀ ਦੇ ਇੰਚਾਰਜ ਗਜਨ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਜਲਦ ਹੀ ਕਾਰ ਚਾਲਕ ਅਤੇ ਉਸ ਦੇ ਸਾਥੀਆਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਬਣਦੀ ਕਨੂੰਨੀ ਕਾਰਵਾਈ ਕਾਰਵਾਈ ਕੀਤੀ ਜਾਵੇਗੀ।