ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਕੱਲ੍ਹ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ।ਪੰਜਾਬ ਕੈਬਨਿਟ ਦੀ ਮੀਟਿੰਗ 18 ਅਗਸਤ 2022 ਨੂੰ ਸਵੇਰੇ 11:30 ਵਜੇ ਤੈਅ ਹੋਈ ਸੀ। ਫਿਲਹਾਲ ਮੀਟਿੰਗ ਮੁਲਤਵੀ ਹੋਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।


 




 



 





 


 


ਬੀਤੇ ਕੱਲ੍ਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 5 ਮਹੀਨੇ ਪੂਰੇ ਹੋਏ। ਸਰਕਾਰ ਦੇ ਪੰਜ ਮਹੀਨੇ ਪੂਰੇ ਹੋਣ ਉੱਪਰ ਸਰਕਾਰ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ। ਭਗਵੰਤ ਮਾਨ ਸਰਕਾਰ ਦੇ 5 ਮੰਤਰੀਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਲੇਖਾ-ਜੋਖਾ ਲੋਕਾਂ ਸਾਹਮਣੇ ਰੱਖਿਆ।


ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਬਣਨ ਤੋਂ ਬਾਅਦ 6349 ਕਰੋੜ ਦੇ ਕਰਜ਼ੇ ਵਾਪਸ ਕੀਤੇ ਜਾ ਚੁੱਕੇ ਹਨ। ਇਨ੍ਹਾਂ ਪੰਜ ਮਹੀਨਿਆਂ ਵਿੱਚ ਸਰਕਾਰ ਨੇ 10729 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਜੀਐਸਟੀ ਕੁਲੈਕਸ਼ਨ ਵਿੱਚ 24.15% ਦਾ ਵਾਧਾ ਹੋਇਆ ਹੈ। ਸਰਕਾਰ ਦਾ ਟੀਚਾ 27% ਸੀ ਪਰ ਅਜੇ ਪੰਜਾਬ ਵਿੱਚ ਤਿਉਹਾਰਾਂ ਦਾ ਸੀਜ਼ਨ ਆਉਣਾ ਹੈ ਜਿਸ ਕਰਕੇ ਇਹ ਹੋਰ ਵਧੇਗਾ।



ਉਨ੍ਹਾਂ ਕਿਹਾ ਕਿ ਐਕਸਾਈਜ਼ ਰਾਹੀਂ ਅਸੀਂ 56 ਫੀਸਦੀ ਟੀਚਾ ਸੋਚਿਆ ਸੀ ਤੇ ਹੁਣ ਤੱਕ 43 ਫੀਸਦੀ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਸ਼ਰਾਬ ਮਾਫੀਆ ਖਤਮ ਕੀਤਾ ਗਿਆ ਹੈ। ਕੇਂਦਰ ਸਰਕਾਰ ਤੋਂ ਸਾਨੂੰ 703 ਕਰੋੜ ਰੁਪਏ ਮਿਲੇ ਹਨ। ਉਨ੍ਹਾਂ ਕਿਹਾ ਕਿ ਸਹਿਕਾਰਤਾ ਵਿਭਾਗ ਵੱਲੋਂ ਨਾਬਾਰਡ ਨੂੰ ਲੈਣ-ਦੇਣ ਕਰਨ ਲਈ 525 ਕਰੋੜ ਰੁਪਏ ਦਿੱਤੇ ਗਏ। ਉਨ੍ਹਾਂ ਦੇ ਮੁਲਾਜ਼ਮਾਂ ਨੂੰ 188 ਕਰੋੜ ਦੀ ਰਾਹਤ ਦਿੱਤੀ ਗਈ ਹੈ। ਇਸ ਤੋਂ ਇਲਾਵਾ 200 ਕਰੋੜ ਗੰਨੇ ਦੀ ਅਦਾਇਗੀ ਕੀਤੀ ਗਈ। ਪਨਸਪ ਲਈ 100 ਕਰੋੜ ਦਿੱਤੇ ਗਏ। ਕਿਸਾਨਾਂ ਦੀ ਬਿਹਤਰੀ ਲਈ 66.56 ਰੁਪਏ ਦਿੱਤੇ ਗਏ।


ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਦਾ ਰਿਪੋਰਟ ਕਾਰਡ


ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਕਿ 75 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ 15 ਅਗਸਤ ਨੂੰ 75 ਕਲਨਿਕ ਖੋਲ੍ਹਣ ਬਾਰੇ ਕਿਹਾ ਸੀ ਪਰ ਅਸੀਂ 100 ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਹਨ। ਕਪੂਰਥਲਾ, ਹੁਸ਼ਿਆਰਪੁਰ ਤੇ ਸੰਗਰੂਰ ਵਿੱਚ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ। ਮਾਲੇਰਕੋਟਲਾ ਵਿੱਚ ਕੇਂਦਰ ਸਰਕਾਰ ਨਾਲ ਨਾਲ ਮਿਲ ਕੇ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ। ਮੋਹਾਲੀ ਵਿੱਚ ਮੈਡੀਕਲ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ। ਆਉਣ ਵਾਲੇ 5 ਸਾਲਾਂ ਵਿੱਚ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਹੋਵੇਗਾ।


ਉਨ੍ਹਾਂ ਕਿਹਾ ਹੈ ਕਿ ਸਰਕਾਰ ਆਉਣ ਮਗਰੋਂ ਡਾਕਟਰਾਂ ਦੀ ਤਨਖਾਹ ਵਧ ਗਈ ਹੈ। 842 ਸਟਾਫ਼ ਨਰਸਾਂ ਤੇ ਬਾਕੀ ਸਟਾਫ਼ ਦੀ ਭਰਤੀ ਕੀਤੀ ਗਈ ਹੈ। ਤਿੰਨ ਨਵੇਂ ਮੈਟਰਨਿਟੀ ਹਸਪਤਾਲ ਖੋਲ੍ਹੇ ਗਏ ਹਨ। ਕੋਵਿਡ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।