ਜਲੰਧਰ: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਅੰਬੀਆਂ ਦਾ ਬੀਤੇ ਕੱਲ੍ਹ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਜਿੱਥੇ ਪੂਰੀ ਦੁਨੀਆ ਵਿੱਚ ਕਬੱਡੀ ਪ੍ਰੀਮੀਅਰ ਵਿੱਚ ਦੁੱਖ ਦੀ ਲਹਿਰ ਹੈ, ਉੱਥੇ ਹੀ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਕਤਲ ਤੋਂ ਬਾਅਦ ਰੋਸ ਵੀ ਹੈ।  ਸੰਦੀਪ ਸਿੰਘ ਅੰਬੀਆਂ ਦੀ ਮੌਤ ਤੋਂ ਬਾਅਦ ਅੱਜ ਜਲੰਧਰ ਵਿਖੇ ਵੱਖ-ਵੱਖ ਕਬੱਡੀ ਫੈਡਰੇਸ਼ਨਾਂ ਜਿਨ੍ਹਾਂ ਵਿੱਚ ਮੁੱਖ ਰੂਪ ਨਾਲ ਇੰਗਲੈਂਡ ਕਬੱਡੀ ਫੈਡਰੇਸ਼ਨ ਵੀ ਸ਼ਾਮਲ ਹੈ, ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ।



ਇਸ ਦੌਰਾਨ ਵੱਖ-ਵੱਖ ਕਬੱਡੀ ਫੈਡਰੇਸ਼ਨਾਂ ਨੇ ਐਲਾਨ ਕੀਤਾ ਕਿ ਸੰਦੀਪ ਸਿੰਘ ਦੀ ਮੌਤ ਤੋਂ ਬਾਅਦ ਦੁੱਖ ਦੇ ਪ੍ਰਗਟਾਵੇ ਤੇ ਉਸ ਦੇ ਕਤਲ ਦੇ ਰੋਸ ਵਿੱਚ ਇੱਕ ਹਫ਼ਤੇ ਲਈ ਜਿੰਨੇ ਵੀ ਕਬੱਡੀ ਟੂਰਨਾਮੈਂਟ ਇਨ੍ਹਾਂ ਫੈਡਰੇਸ਼ਨਾਂ ਵੱਲੋਂ ਕਰਵਾਏ ਜਾਣੇ ਹਨ, ਉਹ ਰੱਦ ਕੀਤੇ ਜਾਂਦੇ ਹਨ। ਇੰਗਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਵਿੱਚ ਕਰਵਾਏ ਜਾਣ ਵਾਲੇ ਦੋ ਮੁੱਖ ਕਬੱਡੀ ਟੂਰਨਾਮੈਂਟ ਜਿਨ੍ਹਾਂ ਵਿੱਚੋਂ ਇੱਕ ਆਨੰਦਪੁਰ ਸਾਹਿਬ ਵਿਖੇ ਹੋਣ ਵਾਲਾ ਕਬੱਡੀ ਟੂਰਨਾਮੈਂਟ ਵੀ ਸ਼ਾਮਲ ਹੈ, ਨੂੰ ਰੱਦ ਕੀਤਾ ਜਾਂਦਾ ਹੈ।

ਇਸ ਬਾਰੇ ਦੱਸਦੇ ਹੋਏ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਮਾਣਕ ਵੱਲੋਂ ਕਿਹਾ ਗਿਆ ਕਿ ਸੰਦੀਪ ਸਿੰਘ ਇੱਕ ਉਮਦਾ ਕਬੱਡੀ ਖਿਲਾੜੀ ਸੀ, ਜੋ ਅੰਤਰਰਾਸ਼ਟਰੀ ਪੱਧਰ 'ਤੇ ਕਈ ਟੂਰਨਾਮੈਂਟ ਖੇਡ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਬ੍ਰਿਟਿਸ਼ ਪਾਸਪੋਰਟ ਹੋਲਡਰ ਸੀ, ਇਸ ਲਈ ਬ੍ਰਿਟਿਸ਼ ਹਾਈ ਕਮਿਸ਼ਨ ਨਾਲ ਵੀ ਇਸ ਬਾਰੇ ਗੱਲ ਕੀਤੀ ਜਾਏਗੀ ਕਿ ਪੰਜਾਬ ਵਿੱਚ ਹੋਏ ਸੰਦੀਪ ਸਿੰਘ ਦੇ ਕਤਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਹਰ ਸਾਲ ਇੰਗਲੈਂਡ ਤੋਂ ਪੰਜਾਬ ਕਬੱਡੀ ਟੂਰਨਾਮੈਂਟਾਂ ਵਿੱਚ ਭਾਗ ਲੈਣ ਲਈ ਆਉਂਦਾ ਸੀ ਤੇ ਉਸ ਦਾ ਪਰਿਵਾਰ ਇੰਗਲੈਂਡ ਵਿੱਚ ਹੀ ਰਹਿੰਦਾ ਸੀ। ਉਨ੍ਹਾਂ ਨੇ ਵੱਖ-ਵੱਖ ਫੈਡਰੇਸ਼ਨਾਂ ਵੱਲੋਂ ਵੀ ਇਹ ਐਲਾਨ ਕੀਤਾ ਕਿ ਅਗਲੇ ਹਫ਼ਤੇ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਸੰਦੀਪ ਸਿੰਘ ਦੇ ਕਤਲ ਮਾਮਲੇ  ਨੂੰ ਲੈ ਕੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ। ਇਸ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ ਕਿ ਟੂਰਨਾਮੈਂਟ ਕਿਸ ਤਰ੍ਹਾਂ ਹੋਣਗੇ।

ਉਨ੍ਹਾਂ ਨੇ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਟੂਰਨਾਮੈਂਟਾਂ ਵਿੱਚ ਜਿੱਥੇ ਕਬੱਡੀ ਨੂੰ ਇਨ੍ਹਾਂ ਪ੍ਰਮੋਟ ਕੀਤਾ ਜਾਂਦਾ ਹੈ, ਸਰਕਾਰਾਂ ਨੂੰ ਇਨ੍ਹਾਂ ਖਿਡਾਰੀਆਂ ਦੀ ਸਕਿਉਰਿਟੀ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤਾਂ ਜੋ ਕਬੱਡੀ ਤੇ ਕਬੱਡੀ ਖਿਡਾਰੀ ਖ਼ਤਮ ਨਾ ਹੋਣ ਬਲਕਿ ਉਹ ਲੋਕ ਖ਼ਤਮ ਹੋਣ ਜੋ ਕਬੱਡੀ ਤੇ ਕਬੱਡੀ ਖਿਡਾਰੀਆਂ ਲਈ ਮਾੜੀ ਸੋਚ ਰੱਖਦੇ ਹਨ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੀਆਂ ਹੋਰ ਕਈ ਕਬੱਡੀ ਫੈਡਰੇਸ਼ਨਾਂ ਦੇ ਆਗੂ ਵੀ ਮੌਜੂਦ ਸਨ।