ਮੁਕਤਸਰ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹਾ ਮੁਕਤਸਰ ਦੇ ਪਿੰਡ ਚਿੱਬੜਾਵਾਲੀ 'ਚ ਕਿਸਾਨ ਮਜ਼ਦੂਰ ਏਕਤਾ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਇਹ ਮਾਰਚ 300 ਦੇ ਕਰੀਬ ਟਰੈਕਟਰਾਂ ਤੇ ਚਿੱਬੜਾਵਾਲੀ ਪਿੰਡ ਤੋਂ ਲੈ ਕੇ ਮੁਕਤਸਰ ਸ਼ਹਿਰ ਤਕ ਮਾਰਚ ਕੱਢਿਆ ਗਿਆ। ਇਸ ਟਰੈਕਟਰ ਮਾਰਚ 'ਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਹਿੱਸਾ ਲਿਆ।

ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਰੀਬ ਛੇ ਹਫ਼ਤੇ ਤੋਂ ਕਿਸਾਨ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਹਨ ਤੇ ਕੇਂਦਰ ਵਾਲੋਂ ਪਾਸ ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ। ਉਨ੍ਹਾਂ ਕਿਸਾਨਾਂ ਦੇ ਸਮਰਥਨ ਵਿੱਚ ਹੀ ਅੱਜ ਮੁਕਤਸਰ ਵਿੱਚ ਇਹ ਟਰੈਕਟਰ ਮਾਰਚ ਕੱਢਿਆ ਗਿਆ।



ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ 4 ਜਨਵਰੀ ਹੋਈ ਮੀਟਿੰਗ ਬੇਸਿੱਟਾ ਰਹੀ ਸੀ ਜਿਸ ਮਗਰੋਂ ਕਿਸਾਨਾਂ ਨੇ 6 ਜਨਵਰੀ ਨੂੰ ਦਿੱਲੀ ਦੇ ਚਾਰੇ ਪਾਸੇ ਸ਼ਕਤੀ ਪ੍ਰਦਰਸ਼ਨ ਲਈ ਟਰੈਕਟਰ ਰੈਲੀ ਕੱਢਣ ਦਾ ਵੀ ਐਲਾਨ ਕੀਤਾ ਸੀ ਪਰ ਖਰਾਬ ਮੌਸਮ ਕਾਰਨ ਹੁਣ ਇਹ ਰੈਲੀ 6 ਦੀ ਬਜਾਏ 7 ਜਨਵਰੀ ਨੂੰ ਕੱਢੀ ਜਾਏਗੀ।

ਕਿਸਾਨਾਂ ਤੇ ਸਰਕਾਰ ਦਰਮਿਆਨ ਅਗਲੀ ਬੈਠਕ 8 ਜਨਵਰੀ ਨੂੰ ਹੈ। ਅਗਲੀ ਬੈਠਕ ਵਿਚ ਮੁੜ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੇ ਐਮਐਸਪੀ ਉੱਤੇ ਵੱਖਰੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾਵੇਗੀ। ਇਹ 9ਵੇਂ ਗੇੜ ਦੀ ਮੀਟਿੰਗ ਹੋਵੇਗੀ। ਇਸ ਤੋਂ ਪਹਿਲਾਂ 7ਵੀਂ ਗੇੜ ਦੀ ਮੀਟਿੰਗ ਵਿੱਚ ਕਿਸਾਨਾਂ ਦੀਆਂ ਸਿਰਫ 2 ਮੰਗਾਂ ’ਤੇ ਸਹਿਮਤੀ ਜਤਾਈ ਗਈ ਸੀ, ਬਾਕੀ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਸੀ।