ਲੁਧਿਆਣਾ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਪੂਰੇ ਸਿਖਰ 'ਤੇ ਹੈ। ਇਸ ਦੌਰਾਨ ਇਕ ਅੰਦੋਲਨ ਸੋਸ਼ਲ ਮੀਡੀਆ 'ਤੇ ਵੀ ਛਿੜਿਆ ਹੋਇਆ ਹੈ। ਟਵਿਟਰ 'ਤੇ 'ਟਰੈਕਟਰ ਟੂ ਟਵਿਟਰ' ਪੂਰੀ ਤਰ੍ਹਾਂ ਛਾਇਆ ਰਿਹਾ। ਕਿਸਾਨ ਅੰਦੋਲਨ ਨਾਲ ਜੁੜੀ ਇਸ ਮੁਹਿੰਮ ਆਈਟੀ ਖੇਤਰ ਦਾ ਮਾਹਿਰ ਭਵਜੀਤ ਨੂੰ ਚਲਾ ਰਿਹਾ ਹੈ। ਭਵਜੀਤ ਦਾ ਟਵਿਟਰ ਹੈਂਡਲ 'ਟਰੈਕਟਰ ਟੂ ਟਵਿਟਰ' ਫਰਜ਼ੀ ਖਬਰਾਂ ਦੀ ਪਛਾਣ ਤੇ ਝੂਠੇ ਕੂੜ ਪ੍ਰਚਾਰ ਦਾ ਟਾਕਰਾ ਕਰਨ ਲਈ ਹੈ।

ਭਵਜੀਤ ਅਕਤੂਬਰ ਮਹੀਨੇ ਆਸਟਰੇਲੀਆ ਤੋਂ ਨਿੱਜੀ ਕੰਮ ਲਈ ਲੁਧਿਆਣਾ ਆਇਆ ਸੀ। ਹਾਲਾਂਕਿ ਉਸ ਦਾ ਜ਼ਿਆਦਾ ਦੇਰ ਰੁਕਣ ਦਾ ਇਰਾਦਾ ਨਹੀਂ ਸੀ। 'ਟਰੈਕਟਰ ਟੂ ਟਵਿਟਰ' ਨੂੰ 28 ਨਵੰਬਰ ਤੋਂ ਬਾਅਦ ਦੁਨੀਆਂ ਭਰ 'ਚੋਂ ਕਰੀਬ 25 ਲੱਖ ਇੰਪਰੈਸ਼ਨ ਮਿਲ ਚੁੱਕੇ ਹਨ। ਇੰਪਰੈਸ਼ਨ ਟਵੀਟ ਦੀ ਪਹੁੰਚ ਤੈਅ ਕਰਦਾ ਹੈ।

ਭਵਜੀਤ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਟਵੀਟ ਕਰਕੇ ਅੰਦੋਲਨ ਵਿਰੁੱਧ ਝੂਠਾ ਪ੍ਰਚਾਰ ਕਰ ਰਹੇ ਸਨ ਤੇ ਸਾਡਾ ਮਕਸਦ ਲੋਕਾਂ ਤਕ ਕਿਸਾਨ ਅੰਦੋਲਨ ਬਾਰੇ ਸਹੀ ਜਾਣਕਾਰੀ ਪਹੁੰਚਾਉਣਾ ਸੀ। ਭਵਜੀਤ ਤੇ ਉਸ ਦੇ ਦੋਸਤ ਜਸਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਦਾ ਕੋਈ ਆਈਟੀ ਸੈਲ ਨਹੀਂ ਹੈ, ਸਾਰੇ ਟਵੀਟ ਔਰਗੈਨਿਕ ਹਨ ਯਾਨੀ ਕਿ ਅਸਲੀ ਯੂਜ਼ਰਸ ਵੱਲੋਂ ਨਿੱਜੀ ਟਵਿਟਰ ਖਾਤਿਆਂ ਤੋਂ ਆਏ ਹਨ।

ਉਨ੍ਹਾਂ ਦੱਸਿਆ ਕਿ ਵਿਸ਼ਵ ਪੱਧਰ 'ਤੇ ਕਿਸਾਨ ਅੰਦੋਲਨ ਦੀ ਸਹੀ ਜਾਣਕਾਰੀ ਲਈ ਪੂਰੀ ਦੁਨੀਆਂ ਤੋਂ ਵਾਲੰਟੀਅਰ ਚਲਾ ਰਹੇ ਹਨ ਤੇ ਹਰ ਰੋਜ਼ ਔਸਤ ਇਕ ਲੱਖ ਰੀਟਵੀਟ ਹੁੰਦੇ ਹਨ। ਇਸ ਤਰ੍ਹਾਂ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਸਖਤ ਟੱਕਰ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਕਿਸਾਨ ਅੰਦੋਲਨ ਖਿਲਾਫ ਫਰਜ਼ੀ ਖਬਰਾਂ ਨੂੰ ਬੇਨਕਾਬ ਕਰ ਕੇ ਸਹੀ ਜਾਣਕਾਰੀ ਲੋਕਾਂ ਤਕ ਪਹੁੰਚਾਈ ਗਈ।