Chandigarh Traffic Police Advisory: ਕਿਸਾਨਾਂ ਵੱਲੋਂ ਉਲੀਕੇ ਗਏ ਪ੍ਰਗੋਰਾਮ ਤਹਿਤ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਚੰਡੀਗੜ੍ਹ ਦੀਆਂ ਬਰੂਹਾਂ ਉੱਤੇ ਪੁੱਜ ਗਏ ਹਨ। ਕਿਸਾਨਾਂ ਨੇ ਮੋਹਾਲੀ ਦੇ 11 ਫੇਜ ਵਿੱਚ ਸਟੇਜ ਲਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਪੁਲਿਸ ਵੱਲੋਂ ਰੂਟ ਡਾਇਵਰਟ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਪਰ ਇਸ ਦੇ ਬਾਵਜੂਵ ਵੀ ਲੋਕ ਵੱਡੀ ਗਿਣਤੀ ਵਿੱਚ ਖੱਜਲ ਖੁਆਰ ਹੋ ਰਹੇ ਹਨ।ਜ਼ਿਕਰ ਕਰ ਦਈਏ ਕਿ ਇਸ ਧਰਨੇ ਤੋਂ ਪਹਿਲਾਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਜਾਣਕਾਰੀ ਦਿੱਤੀ ਹੈ ਕਿ ਕਿਹੜੇ ਰੂਟਾਂ ਉੱਤੇ ਪੁਲਿਸ ਨੇ ਆਵਾਜਾਈ ਬੰਦ ਕਰ ਦਿੱਤੀ ਹੈ।


ਦੱਸ ਦਈਏ ਕਿ ਇਸ ਦੌਰਾਨ ਮੁੱਖ ਤੌਰ ’ਤੇ ਟ੍ਰਿਬਿਊਨ ਚੌਕ ਤੋਂ ਏਅਰਪੋਰਟ ਵੱਲ ਜਾਣ ਵਾਲੀ ਸੜਕ ਤੇ ਪੰਚਕੂਲਾ ਤੋਂ ਚੰਡੀਗੜ੍ਹ ਵੱਲ ਜਾਣ ਵਾਲੀ ਕੇਂਦਰੀ ਸੜਕ ’ਤੇ ਟ੍ਰੈਫਿਕ ਵਿੱਚ ਵਿਘਨ ਪਵੇਗਾ। ਪੁਲਿਸ ਨੇ ਆਮ ਲੋਕਾਂ ਨੂੰ ਇਨ੍ਹਾਂ ਰਸਤਿਆਂ ’ਤੇ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ 25 ਤੋਂ 28 ਨਵੰਬਰ ਤੱਕ ਮੁਹਾਲੀ ਗੋਲਫ ਰੇਂਜ ਦੇ ਨਾਲ ਲੱਗਦੀ ਤੇ ਰੇਲਵੇ ਟ੍ਰੈਕ ਫੇਜ਼-11 ਦੀ ਸੜਕ ਨੂੰ ਪਿੰਡ ਫੈਦਾ ਜੰਕਸ਼ਨ ਨੰਬਰ 63 ਪੂਰਬ ਰੋਡ 'ਤੇ ਬੰਦ ਰੱਖਿਆ ਜਾਵੇਗਾ। 


ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਏਅਰਪੋਰਟ, ਐਰੋਸਿਟੀ ਤੇ ਬੈਸਟੈਕ ਮਾਲ ਵੱਲ ਜਾਣ ਵਾਲੇ ਲੋਕਾਂ ਨੂੰ ਫੈਦਾ ਬੈਰੀਅਰ ਜੰਕਸ਼ਨ ਨੰਬਰ 63 ਤੋਂ ਖੱਬੇ ਪਾਸੇ ਜਾ ਕੇ ਸਲਿੱਪ ਰੋਡ ਦਾ ਸਹਾਰਾ ਲੈਣਾ ਪਏਗਾ। ਇਸ ਤੋਂ ਬਾਅਦ ਸੈਕਟਰ 46/47/48/49 ਚੌਕ ਜੰਕਸ਼ਨ ਨੰਬਰ 62 ਤੋਂ ਏਅਰਪੋਰਟ ਰੋਡ ਵੱਲ ਮੁੜਣਾ ਹੈ। ਇਹ ਰਸਤਾ ਖੁੱਲ੍ਹਾ ਰਹੇਗਾ। ਇਸ ਦੇ ਨਾਲ ਹੀ  25 ਨਵੰਬਰ ਨੂੰ ਦੁਪਹਿਰ 12 ਵਜੇ ਤੋਂ 28 ਨਵੰਬਰ ਦੁਪਹਿਰ 12 ਵਜੇ ਤੱਕ ਜਗਤਪੁਰਾ ਸੈਕਟਰ 48/49 ਲਾਈਟ ਪੁਆਇੰਟ ਤੋਂ ਬਾਬਾ ਵਾਈਟ ਹਾਊਸ ਤੱਕ ਆਵਾਜਾਈ ਬੰਦ ਰਹੇਗੀ। ਕੌਮੀ ਇਨਸਾਫ਼ ਮੋਰਚਾ ਦੀ ਹੜਤਾਲ ਕਾਰਨ ਵਾਈਪੀਐਸ ਚੌਕ ਦੀ ਸੜਕ ਪਹਿਲਾਂ ਹੀ ਬੰਦ ਹੈ।


ਕੀ ਹਨ ਕਿਸਾਨਾਂ ਦੀਆਂ ਮੁੱਖ ਮੰਗਾਂ


ਕਿਸਾਨਾਂ ਦੀਆਂ ਮੁੱਖ ਮੰਗਾਂ ਹਨ ਕਿ ਕੇਂਦਰ ਸਰਕਾਰ ਐਮਐਸਪੀ ਨੂੰ ਕਾਨੂੰਨੀ ਅਧਿਕਾਰ ਦੇਵੇ, ਇਸ ਤੋਂ ਇਲਾਵਾ ਬਿਜਲੀ ਬਿੱਲ ਨੂੰ ਵਾਪਸ ਲਵੇ। ਲਖੀਮਪੁਰ ਖਿਰੀ ਦੇ ਵਿੱਚ ਮਾਰੇ ਗਏ ਕਿਸਾਨਾਂ ਨੂੰ ਇਨਸਾਫ਼ ਦਿੱਤਾ ਜਾਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਹੜਾਂ ਦੇ ਵਿੱਚ ਨੁਕਸਾਨੀਆਂ ਗਈਆਂ ਫਸਲਾਂ ਦਾ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ।