Gurdaspur News: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਦੁਖਦਾਇਕ ਖਬਰ ਨਿਕਲ ਕੇ ਸਾਹਮਣੇ ਆਈ ਹੈ। 31 ਮਈ ਦੀ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 16 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਸਮਰਾਏ ਦੇ ਨੇੜੇ ਹੋਇਆ, ਜਿੱਥੇ ਥਾਰ ਕਾਰ ਅਤੇ ਬੁਲੇਟ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਨਾਲ ਵੱਡਾ ਧਮਾਕਾ ਹੋਇਆ ਅਤੇ ਬੁਲੇਟ ਵਿੱਚ ਅੱਗ ਲੱਗ ਗਈ। ਇਸ ਭਿਆਨਕ ਹਾਦਸੇ ਵਿੱਚ ਸਮਰਾਏ ਪਿੰਡ ਦੇ ਰਹਿਣ ਵਾਲੇ ਸੁਖਮਨਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਲ ਹੀ 'ਚ 10 ਵੀਂ ਫਰਸਟ ਡਵੀਜ਼ਨ 'ਚ ਕੀਤੀ ਪਾਸ
ਜਾਣਕਾਰੀ ਮੁਤਾਬਕ, ਸੁਖਮਨਪ੍ਰੀਤ ਸਿੰਘ ਪਿਤਾ ਮੇਜਰ ਸਿੰਘ ਦਾ ਪੁੱਤਰ ਸੀ ਅਤੇ ਉਹ 11ਵੀਂ ਕਲਾਸ ਦਾ ਵਿਦਿਆਰਥੀ ਸੀ। ਉਸਨੇ ਹਾਲ ਹੀ ਵਿੱਚ 10ਵੀਂ ਕਲਾਸ ਪਹਿਲੀ ਡਿਵੀਜ਼ਨ ਨਾਲ ਪਾਸ ਕੀਤੀ ਸੀ। ਉਹ ਅੰਮ੍ਰਿਤਸਰ ਵਿੱਚ P.T.E. ਦੀਆਂ ਕਲਾਸਾਂ ਲੈਣ ਜਾਂਦਾ ਸੀ।
ਪਰਿਵਾਰ ਦਾ ਰੋ-ਰੋ ਬੁਰਾ ਹਾਲ, ਪਿੰਡ 'ਚ ਸੋਗ ਦੀ ਲਹਿਰ
ਘਟਨਾ ਬਾਰੇ ਸੁਖਮਨਪ੍ਰੀਤ ਦੇ ਮਾਮਾ ਜਸਵਿੰਦਰ ਸਿੰਘ ਅਤੇ ਪਿੰਡ ਸਮਰਾਏ ਦੇ ਸਰਪੰਚ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਰਾਤ ਲੱਗਭਗ 9 ਵਜੇ ਸੁਖਮਨਪ੍ਰੀਤ ਆਪਣੀ ਬੁਲੇਟ ਮੋਟਰਸਾਈਕਲ 'ਤੇ ਪਿੰਡ ਸਮਰਾਏ ਤੋਂ ਅੰਮ੍ਰਿਤਸਰ ਵੱਲ ਪਿੰਡ ਬੱਲ ਕਲਾਂ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਿਹਾ ਸੀ। ਜਦੋਂ ਉਹ ਪਿੰਡ ਸੋਹੀਆਂ ਦੇ ਅੱਡੇ ਦੇ ਨੇੜੇ ਪਹੁੰਚਿਆ, ਤਾਂ ਸਾਹਮਣੇ ਤੋਂ ਆ ਰਹੀ ਥਾਰ ਕਾਰ ਨੇ ਉਸ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਇੰਨੀ ਭਾਰੀ ਸੀ ਕਿ ਬੁਲੇਟ ਵਿੱਚ ਅੱਗ ਲੱਗ ਗਈ ਅਤੇ ਤੇਜ਼ ਧਮਾਕਾ ਹੋਇਆ। ਇਸ ਹਾਦਸੇ ਵਿੱਚ ਸੁਖਮਨਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਪਿੰਡ ਵਿੱਚ ਦੁਖ ਦਾ ਮਾਹੌਲ ਹੈ ਅਤੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।