ਸੁਲਤਾਨਪੁਰ ਲੋਧੀ: ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਨਾਲ ਸਬੰਧਤ ਪਿੰਡ ਤਕੀਆਂ ਵਿੱਚ ਰੂਹ ਨੂੰ ਝੰਜੋੜ ਦੇਣ ਵਾਲੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਹੀ ਪਰਿਵਾਰ ਦੇ 5 ਜੀਅ ਕਥਿਤ ਤੌਰ ਤੇ ਛਿਪਕਲੀ ਵਾਲੀ ਜ਼ਹਿਰੀਲੀ ਚਾਹ ਪੀਣ ਕਾਰਨ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ ਹਨ। ਇਨ੍ਹਾਂ ਵਿੱਚੋਂ ਦੋ ਬੱਚਿਆਂ ਦੀ ਮੌਤ ਹੋ ਗਈ ਹੈ।


ਇਨ੍ਹਾਂ ਨੂੰ ਇਲਾਜ ਲਈ ਜ਼ੀਰਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਾਤ ਗੰਭੀਰ ਹੋਣ ਦੇ ਚੱਲਦਿਆਂ ਜਿੱਥੋਂ ਉਨ੍ਹਾਂ ਨੂੰ ਮੋਗਾ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਜ ਦੌਰਾਨ ਛੋਟੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕ ਬੱਚਿਆਂ ਦੀ ਪਹਿਚਾਣ ਸ਼ਿਵਰਾਜ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਤਕੀਆਂ ਉਮਰ (6) ਸਾਲ ਤੇ ਦਮਨਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਹੋਈ ਹੈ। 


ਪੁਲਿਸ ਵੱਲੋਂ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਦੇ ਲਈ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਪਰਿਵਾਰ ਦੇ ਸਮੂਹ ਪੰਜ ਮੈਬਰਾਂ ਵੱਲੋਂ ਘਰੇ ਬਣਾਈ ਗਈ ਚਾਹ ਪੀਤੀ ਗਈ। ਇਸ ਨੂੰ ਪੀਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ। ਦੱਸਿਆ ਜਾ ਰਿਹਾ ਹੈ ਕਿ ਚਾਹ ਵਿੱਚ ਕੋਈ ਛਿਪਕਲੀ ਡਿੱਗ ਗਈ ਸੀ। ਇਸ ਕਾਰਨ ਜ਼ਹਿਰੀਲੀ ਚਾਹ ਸਾਰੇ ਪਰਿਵਾਰ ਨੇ ਪੀ ਲਈ ਤੇ ਕੁਝ ਸਮੇਂ ਵਿੱਚ ਹੀ ਸਾਰਾ ਪਰਿਵਾਰ ਬਿਮਾਰ ਹੋ ਗਿਆ। 


ਇਨ੍ਹਾਂ ਵਿੱਚੋਂ 2 ਬੱਚਿਆਂ ਸ਼ਿਵਰਾਜ ਤੇ ਦਮਨਪ੍ਰੀਤ ਕੌਰ ਦੀ ਮੌਤ ਹੋ ਚੁੱਕੀ ਹੈ, ਜਦਕਿ ਪਰਿਵਾਰ ਦੇ 3 ਮੈਂਬਰ ਪਿਤਾ ਗੁਰਪ੍ਰੀਤ ਸਿੰਘ, ਮਾਤਾ ਬਲਜੀਤ ਕੌਰ ਤੇ ਛੋਟੀ ਲੜਕੀ ਨਵਰੀਤ ਕੌਰ ਫਿਲਹਾਲ ਜੇਰੇ ਇਲਾਜ ਹਨ। ਉਧਰ ਪੁਲਿਸ ਵੱਲੋਂ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾ ਘਰ 'ਚ ਰਖਵਾਇਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 


ਪਰਿਵਾਰ ਦੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਹੈ, ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਉਸ ਦੀ ਬਾਂਹ ਫੜ ਕੇ ਪਰਿਵਾਰ ਦੀ ਸਹਾਇਤਾ ਕਰਨੀ ਚਾਹੀਦੀ ਹੈ।