Punjab News: ਪੰਜਾਬ ਪੁਲਿਸ ਵੀਵੀਆਈਪੀਜ਼ ਜਾਂ ਵੀਆਈਪੀਜ਼ ਦੀ ਸੁਰੱਖਿਆ ਲਈ ਵੱਡਾ ਦਮ ਚੁੱਕਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਤੋਂ ਸਬਕ ਲੈਂਦਿਆਂ ਪੰਜਾਬ ਪੁਲਿਸ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਠੋਕ ਐਕਸ਼ਨ ਪਲਾਨ ਬਣਾਇਆ ਹੈ।
ਸੂਤਰਾਂ ਮੁਤਾਬਕ ਵੀਵੀਆਈਪੀ ਡਿਊਟੀ 'ਤੇ ਤਾਇਨਾਤ ਕੀਤੇ ਜਾਣ ਵਾਲੇ ਸਿਪਾਹੀਆਂ ਤੇ ਅਧਿਕਾਰੀਆਂ ਦੀ ਟੁਕੜੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਦੀ ਤਰਜ਼ 'ਤੇ ਤਿਆਰ ਕੀਤੀ ਜਾ ਰਹੀ ਹੈ। ਇਸ ਵਿੱਚ ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਤੈਅ ਨਿਯਮਾਂ ਬਾਰੇ ਸਿਖਲਾਈ ਦੇਣ ਦੇ ਨਾਲ-ਨਾਲ ਪ੍ਰਤੀਕੂਲ ਸਥਿਤੀਆਂ ਨਾਲ ਨਜਿੱਠਣ ਦੇ ਗੁਰ ਵੀ ਸਿਖਾਏ ਜਾ ਰਹੇ ਹਨ। ਇਸ ਸਬੰਧੀ ਪੰਜਾਬ ਪੁਲਿਸ ਦੀ ਪਹਿਲੀ ਟੁਕੜੀ ਨੂੰ ਸਿਖਲਾਈ ਦਿੱਤੀ ਗਈ ਹੈ, ਜਦਕਿ ਸੜਕ ਸੁਰੱਖਿਆ ਬਲ ਦੇ ਜਵਾਨਾਂ ਨੂੰ ਸਾਰੇ ਆਧੁਨਿਕ ਸਾਜੋ-ਸਮਾਨ ਤੇ ਹਥਿਆਰਾਂ ਨਾਲ ਲੈਸ ਹਾਈਵੇਅ 'ਤੇ ਤਾਇਨਾਤ ਕੀਤਾ ਜਾਵੇਗਾ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਦੌਰਾ ਕੀਤਾ ਸੀ। ਇਸ ਦੌਰਾਨ ਸੜਕ ਰਸਤੇ ਜਾਂਦੇ ਸਮੇਂ ਉਨ੍ਹਾਂ ਦੇ ਸੁਰੱਖਿਆ ਘੇਰੇ 'ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਕਈ ਵੱਡੇ ਅਫਸਰਾਂ ਨੂੰ ਖਮਿਆਜ਼ਾ ਭੁਗਤਣਾ ਪਿਆ ਸੀ। ਸੂਬਾ ਸਰਕਾਰ ਨੂੰ ਵੀ ਨਿਮੋਸ਼ੀ ਝੱਲਣੀ ਪਈ ਸੀ।
ਦਰਅਸਲ ਹੁਣ ਅਗਲੇ ਸਾਲ ਲੋਕ ਸਭਾ ਚੋਣਾਂ ਹੋਣੀਆਂ ਹਨ। ਅਜਿਹੇ 'ਚ ਕਈ ਦਿੱਗਜ ਨੇਤਾ ਪੰਜਾਬ ਦਾ ਦੌਰਾ ਕਰਨਗੇ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਪੁਲਿਸ ਨੇ ਆਪਣੀ ਪੂਰੀ ਤਿਆਰੀ ਕਰ ਲਈ ਹੈ। ਸੂਤਰਾਂ ਅਨੁਸਾਰ ਪਹਿਲੇ ਬੈਚ ਵਿੱਚ ਕਰੀਬ 30 ਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਜਨਵਰੀ ਤੋਂ ਪੰਜਾਬ ਦੇ ਸਾਰੇ ਮੁੱਖ ਮਾਰਗਾਂ 'ਤੇ ਪੁਲਿਸ ਦੀ ਸਖ਼ਤ ਨਿਗਰਾਨੀ ਰਹੇਗੀ। ਪੰਜਾਬ ਪੁਲਿਸ ਨੇ ਕੈਨੇਡਾ ਦੀ ਤਰਜ਼ 'ਤੇ ਸਪੈਸ਼ਲ ਰੋਡ ਸੇਫਟੀ ਫੋਰਸ ਦਾ ਗਠਨ ਕੀਤਾ ਹੈ। ਪੁਲਿਸ ਮੁਲਾਜ਼ਮਾਂ ਦੀ ਸਿਖਲਾਈ ਪੂਰੀ ਕਰ ਲਈ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ।
ਵੀਵੀਆਈਪੀਜ਼ ਦੀ ਸੁਰੱਖਿਆ ਲਈ ਜਵਾਨ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਇਸ ਲਈ 2010 ਤੋਂ ਬਾਅਦ ਭਰਤੀ ਹੋਏ ਸੈਨਿਕਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਨੂੰ ਜ਼ਿਲ੍ਹਾ ਪੱਧਰ 'ਤੇ ਪਹਿਲਾਂ ਸਿਖਲਾਈ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਤਿ-ਆਧੁਨਿਕ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਕਰ ਲੋੜ ਪਈ ਤਾਂ ਇਜ਼ਰਾਈਲ 'ਚ ਤਿਆਰ ਪੰਜਾਬ ਪੁਲਿਸ ਦੀ ਸਵੈਟ ਟੀਮ ਵੀ ਚਾਰਜ ਸੰਭਾਲੇਗੀ।