ਗੁਰਦਾਸਪੁਰ: ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਮੁੱਖ ਮੰਤਰੀ ਕੈਪਟਨ ਹੋਣ ਜਾਂ ਫਿਰ ਨਵਜੋਤ ਸਿੱਧੂ ਹਰ ਕੋਈ ਆਪਣੇ ਆਪਣੇ ਤੌਰ 'ਤੇ ਮੰਤਰੀਆਂ ਤੇ ਕਾਂਗਰਸ ਨੇਤਾਵਾਂ ਨਾਲ ਮੀਟਿੰਗਾਂ ਕਰਨ ਵਿੱਚ ਜ਼ੋਰਾ-ਸ਼ੋਰਾਂ ਨਾਲ ਰੁਝੇ ਹੋਏ ਹਨ। ਉੱਥੇ ਹੀ ਕੈਪਟਨ ਸਰਕਾਰ ਖਿਲਾਫ ਲਗਤਾਰ ਬੋਲਣ ਵਾਲੇ ਪ੍ਰਤਾਪ ਬਾਜਵਾ ਵੀ ਹੁਣ ਕੈਪਟਨ ਨਾਲ ਫੋਟੋਆਂ ਵਿੱਚ ਦਿਖਾਈ ਦੇ ਰਹੇ ਹਨ।


ਇਸ ਸਭ 'ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਆਪਣੀ ਰਿਹਾਇਸ਼ ਕਾਦੀਆਂ ਵਿੱਚ ਸਾਡੀ ਟੀਮ ਨਾਲ ਗੱਲਬਾਤ ਕਰਦੇ ਕਿਹਾ ਕਿ ਪ੍ਰਤਾਪ ਬਾਜਵਾ ਪਹਿਲਾਂ ਵੀ ਆਪਣੇ ਫਾਇਦੇ ਲਈ ਆਪਣੀ ਹੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ ਚਿੱਠੀਆਂ ਤੇ ਸੋਸ਼ਲ ਮੀਡੀਆ ਤੇ ਟਵਿਟਰ ਉੱਤੇ ਲਿਖਦੇ ਰਹੇ। ਹੁਣ ਵੀ ਆਪਣੇ ਹੀ ਫਾਇਦੇ ਲਈ ਮੁੱਖ ਮੰਤਰੀ ਨਾਲ ਦਿਖ ਰਹੇ ਹਨ।


ਬਾਜਵਾ ਨੇ ਕਿਹਾ ਕੈਪਟਨ ਅਮਰਿੰਦਰ ਹੁਣ ਜਿਵੇਂ ਪ੍ਰਤਾਪ ਬਾਜਵਾ ਦੀਆਂ ਆਪਣੀ ਸਰਕਾਰ ਖਿਲਾਫ ਲਿਖੀਆਂ ਚਿੱਠੀਆਂ ਭੁੱਲ ਗਏ ਹਨ, ਓਵੇਂ ਹੀ ਨਵਜੋਤ ਸਿੱਧੂ ਦੇ ਕੀਤੇ ਟਵੀਟ ਵੀ ਭੁੱਲ ਜਾਣ। ਬਾਜਵਾ ਨੇ ਕਿਹਾ ਕਿ ਕੈਪਟਨ ਸਮਝਦਾਰ ਹਨ।


ਪ੍ਰਤਾਪ ਬਾਜਵਾ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਨੂੰ ਲੈ ਕੇ ਕਾਂਗਰਸ ਦੇ ਮੈਂਬਰ ਪਰਲੀਮੈਂਟਾਂ ਨਾਲ ਕੀਤੀ ਜਾ ਰਹੀ ਮੀਟਿੰਗ ਨੂੰ ਲੈ ਕੇ ਮੰਤਰੀ ਤ੍ਰਿਪਤ ਬਾਜਵਾ ਨੇ ਕਿਹਾ ਕਿ ਪੰਜਾਬ ਪ੍ਰਧਾਨ ਬਾਰੇ ਪੰਜਾਬ ਦੇ ਵਿਧਾਇਕਾਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਨਾ ਕਿ ਮੈਂਬਰ ਪਰਲੀਮੈਂਟਾਂ ਨਾਲ ਕਿਉਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਿਧਾਇਕਾਂ ਨੇ ਜਵਾਬਦੇਹੀ ਕਰਨੀ ਹੁੰਦੀ ਹੈ। ਉੱਥੇ ਹੀ ਬਾਜਵਾ ਨੇ ਕਿਹਾ ਹਾਈ ਕਮਾਂਡ ਜਿੰਨੀ ਜਲਦੀ ਪੰਜਾਬ ਕਾਂਗਰਸ ਪ੍ਰਧਾਨ ਦਾ ਨਾਮ ਜਨਤਕ ਕਰੇਗੀ, ਪੰਜਾਬ ਕਾਂਗਰਸ ਨੂੰ ਉਸ ਦਾ ਫਾਇਦਾ ਓਨਾ ਹੀ ਜਿਆਦਾ ਹੋਵੇਗਾ।