ਸੀਮਿੰਟ ਫੈਕਟਰੀ ਨੂੰ ਜਾਂਦਾ ਟਰੱਕ ਭਾਖੜਾ 'ਚ ਡਿੱਗਿਆ
ਏਬੀਪੀ ਸਾਂਝਾ | 04 Aug 2018 05:05 PM (IST)
ਰੂਪਨਗਰ: ਜ਼ਿਲ੍ਹੇ ਦੇ ਕਸਬਾ ਭਰਤਗੜ੍ਹ ਨਜ਼ਦੀਕ ਪਿੰਡ ਆਲੋਵਾਲ ਵਿੱਚੋਂ ਲੰਘਦੀ ਭਾਖੜਾ ਨਹਿਰ ਵਿੱਚ ਸੀਮਿੰਟ ਫੈਕਟਰੀ ਲਈ ਕੱਚਾ ਮਾਲ ਲਿਜਾ ਰਿਹਾ ਟਰੱਕ ਡਿੱਗ ਗਿਆ। ਛੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਟਰੱਕ (HP 11 C 0541) ਨੂੰ ਨਹਿਰ ਵਿੱਚੋਂ ਤਾਂ ਕੱਢ ਲਿਆ ਹੈ ਪਰ ਇਸ ਦਾ ਚਾਲਕ ਲਾਪਤਾ ਹੈ। ਨਹਿਰ ਵਿੱਚੋਂ ਜਦ ਟਰੱਕ ਬਾਹਰ ਕੱਢਿਆ ਗਿਆ ਤਾਂ ਪਤਾ ਕਿ ਇਸ ਦਾ ਟਾਇਰ ਫਟਿਆ ਹੋਇਆ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਟਾਇਰ ਫਟਣ ਕਾਰਨ ਹੀ ਟਰੱਕ ਸੰਤੁਲਨ ਗੁਆ ਕੇ ਨਹਿਰ ਵਿੱਚ ਡਿੱਗਿਆ ਹੋਵੇਗਾ। ਜਾਣਕਾਰੀ ਮੁਤਾਬਕ ਪਿੰਡ ਆਲੋਵਾਲ ਦਾ ਸ਼ਾਮ ਲਾਲ ਟਰੱਕ ਨੂੰ ਚਲਾ ਰਿਹਾ ਸੀ ਤੇ ਹਿਮਾਚਲ ਪ੍ਰਦੇਸ਼ ਦੇ ਡਾਲਡਾ ਘਾਟ ਇਲਾਕੇ ਤੋਂ ਆਪਣੇ ਟਰੱਕ ਵਿੱਚ ਸੀਮਿੰਟ ਫੈਕਟਰੀ ਲਈ ਕਲਿੰਕਰ ਭਪਵਾ ਕੇ ਲਿਆ ਰਿਹਾ ਸੀ। ਰਾਤ ਸਮੇਂ ਪਿੰਡ ਆਲੋਵਾਲ ਨੂੰ ਜਾਣ ਸਮੇਂ ਇਸ ਦਾ ਟਰੱਕ ਚਾਲਕ ਤੋਂ ਕਿਸੇ ਤਰ੍ਹਾਂ ਭਾਖੜਾ ਨਹਿਰ ਦੇ ਪੁਲ ਤੋਂ ਭਾਖੜਾ ਨਹਿਰ ਵਿੱਚ ਜਾ ਡਿੱਗਿਆ। ਸਵੇਰ ਉਸ ਦੀ ਭਾਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਟਰੱਕ ਭਾਖੜਾ ਨਹਿਰ ਵਿੱਚ ਡਿੱਗ ਗਿਆ ਹੈ। ਦੱਸਿਆ ਜਾ ਰਿਹਾ ਹੈ ਕੇ ਟਰੱਕ ਦੇ ਚਾਲਕ ਸ਼ਾਮ ਲਾਲ ਦਾ ਸੱਤ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਫਿਲਹਾਲ, ਟਰੱਕ ਚਾਲਕ ਦਾ ਪਤਾ ਨਹੀਂ ਲੱਗਾ ਹੈ।