ਚੰਡੀਗੜ੍ਹ: ਪੰਜਾਬ ਸਰਕਾਰ ਦੇ ਦਾਅਵਿਆਂ ਦੇ ਪੋਲ ਖੁੱਲ੍ਹ ਗਈ ਹੈ। ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਸਕੀਮਾਂ ਨੂੰ ਲੈ ਕੇ ਦਿੱਤੇ ਗਏ ਇਸ਼ਤਿਹਾਰਾਂ ਵਿੱਚ ਸਰਕਾਰ ਬਾਰੇ ਵੱਡਾ ਸੱਚ ਲੋਕਾਂ ਦੇ ਸਾਹਮਣੇ ਆ ਗਿਆ ਹੈ। ਪੰਜਾਬ ਸਰਕਾਰ ਵਲੋਂ ਪੈਨਸ਼ਨ ਦੀ ਸਕੀਮ ਵਿੱਚ ਦੋ ਬਜ਼ੁਰਗਾਂ ਦੀ ਫੋਟੋ ਲਾਈ ਗਈ ਹੈ। ਇਸ ਦੇ ਨਾਲ ਲਿਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਰੀਆਂ ਪੈਨਸ਼ਨਾਂ 250 ਤੋਂ ਵਧਾ ਕੇ 500 ਰੁਪਏ ਕਰ ਦਿੱਤੀਆਂ ਗਈਆਂ ਹਨ।
ਇਸ਼ਤਿਹਾਰ ਵਿੱਚ ਛਪੀਆਂ ਤਸਵੀਰਾਂ ਵਿੱਚੋਂ ਇੱਕ ਬਜੁਰਗ ਨਾਲ 'ਏ.ਬੀ.ਪੀ. ਸਾਂਝਾ' ਦੀ ਟੀਮ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ। ਇਹ ਬਜ਼ੁਰਗ ਫਰੀਦਕੋਟ ਦੇ ਪਿੰਡ ਰਹਿਣ ਕਲਾਂ ਦੇ ਰਹਿਣ ਵਾਲੇ ਹਨ। ਇਨ੍ਹਾਂ ਦਾ ਨਾਮ ਸ਼ੈਲਾ ਸਿੰਘ ਹੈ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਪੈਨਸ਼ਨ ਦਾ ਫਾਰਮ ਭਰ ਚੁੱਕੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਪੈਨਸ਼ਨ ਨਹੀਂ ਦਿੱਤੀ ਜਾ ਰਹੀ।
ਇਸ ਬਾਰੇ ਜਦੋਂ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਸੇਨੂੰ ਦੁੱਗਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੈਨਸ਼ਨ ਦੇ ਲਾਭਪਾਤਰੀ ਦੀ ਫੋਟੋ ਡਿਪਾਰਟਮੈਂਟ ਰਾਹੀਂ ਮਿਲੀ ਹੈ ਪਰ ਜੇਕਰ ਅਜਿਹੀ ਕੋਈ ਗੱਲ ਹੈ ਤਾਂ ਮੈਂ ਵਿਭਾਗ ਤੋਂ ਇਸ ਬਾਰੇ ਪਤਾ ਕਰਦੀ ਹਾਂ।
ਦੂਜੇ ਪਾਸੇ ਜਦੋਂ ਲੋਕ ਸੰਪਰਕ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਕੰਮ ਵਿਭਾਗ ਦੀ ਡਾਇਰੈਕਟਰ ਦੇ ਦਾਇਰੇ ਵਿੱਚ ਆਉਂਦਾ ਹੈ।