ਜਲੰਧਰ: ਪੁਲਿਸ ਨੇ ਇੱਕ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਢਾਈ ਲੱਖ ਰੁਪਏ ਦੀ ਸੁਪਾਰੀ ਲੈ ਕੇ ਇੱਕ ਪਰਵਾਸੀ ਵਿਅਕਤੀ ਨੂੰ ਗੋਲ਼ੀ ਮਾਰ ਦਿੱਤੀ ਸੀ। ਉਨ੍ਹਾਂ ਦਾ ਮਕਸਦ ਉਸ ਐਨ.ਆਰ.ਆਈ. ਦਾ ਕਤਲ ਕਰਨਾ ਸੀ ਪਰ ਨਿਸ਼ਾਨਾ ਖੁੰਝ ਜਾਣ ਕਾਰਨ ਉਸ ਦੀ ਜਾਨ ਬਚ ਗਈ। ਇਸ ਮਾਮਲੇ ਵਿੱਚ ਚਾਰ ਮੁਲਜ਼ਮ ਹਾਲੇ ਗ੍ਰਿਫਤ ਵਿੱਚੋਂ ਬਾਹਰ ਹਨ। ਪੁਲਿਸ ਮੁਤਾਬਕ ਐਨ.ਆਰ.ਆਈ. ਨੂੰ ਮਾਰਨ ਦੀ ਸੁਪਾਰੀ ਕੈਨੇਡਾ ਵਾਸੀ ਉਸ ਦੀ ਸਾਬਕਾ ਪਤਨੀ ਨੇ ਹੀ ਦਿੱਤੀ ਸੀ।
ਜਲੰਧਰ ਦਿਹਾਤੀ ਦੇ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੀ 26 ਜਨਵਰੀ ਨੂੰ ਗੁਰਾਇਆ ਕੋਲ ਇੱਕ ਪਰਵਾਸੀ ਭਾਰਤੀ ਮੱਖਣ ਸਿੰਘ ਨੂੰ ਕੁਝ ਲੋਕਾਂ ਨੇ ਗੋਲ਼ੀਆਂ ਮਾਰ ਦਿੱਤੀਆਂ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜਲੰਧਰ ਕੇ ਕਠਾਰ ਇਲਾਕੇ ਤੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਪੜਤਾਲ ਵਿੱਚ ਉਨ੍ਹਾਂ ਸੁਪਾਰੀ ਲੈ ਕੇ ਗੋਲ਼ੀ ਮਾਰਨ ਦੀ ਗੱਲ ਮੰਨੀ।
ਪੁਲਿਸ ਮੁਤਾਬਕ ਮੁਲਜ਼ਮਾਂ ਨੇ ਕੈਨੇਡਾ ਰਹਿੰਦੀ ਜਸਵਿੰਦਰ ਕੌਰ ਵੱਲੋਂ ਆਪਣੇ ਸਾਬਕਾ ਪਤੀ ਮੱਖਣ ਸਿੰਘ ਦੀ ਹੱਤਿਆ ਲਈ ਢਾਈ ਲੱਖ ਦੀ ਸੁਪਾਰੀ ਦਿੱਤੀ ਸੀ। ਪੁਲਿਸ ਕਪਤਾਨ ਨੇ ਦੱਸਿਆ ਕਿ ਜਸਵਿੰਦਰ ਕੌਰ ਦਾ ਮੱਖਣ ਸਿੰਘ ਨਾਲ ਦੂਜਾ ਵਿਆਹ ਸੀ ਤੇ ਉਹ ਉਸ ਨੂੰ ਕੈਨੇਡਾ ਲੈ ਗਈ ਸੀ। ਪੱਕਾ ਹੋਣ ਤੋਂ ਬਾਅਦ ਮੱਖਣ ਸਿੰਘ ਪੰਜਾਬ ਆ ਗਿਆ ਤੇ ਉਸ ਨੇ ਤੀਜਾ ਵਿਆਹ ਕਰਵਾ ਲਿਆ।
ਐਸ.ਐਸ.ਪੀ. ਨੇ ਦੱਸਿਆ ਕਿ ਮੱਖਣ ਸਿੰਘ 'ਤੇ ਜਾਨਲੇਵਾ ਹਮਲਾ ਕਰਨ ਦੇ ਇਲਜ਼ਾਮ ਹੇਠ ਪੁਲਿਸ ਨੇ ਕੁਲਵੰਤ ਸਿੰਘ ਤੇ ਰਾਜਿੰਦਰ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਸਵਿੰਦਰ ਕੌਰ 'ਤੇ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।