ਚੰਡੀਗੜ੍ਹ: ਸ਼ੌਰਯਾ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ 'ਚ ਤਰਨਤਾਰਨ ਪੁਲਿਸ ਨੇ 3 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੁਝ ਦਿਨ ਪਹਿਲਾਂ ਉਸ ਦੇ ਸੰਭਾਵੀ ਕਾਤਲਾਂ ਦੀ ਇੱਕ CCTV ਫੁਟੇਜ ਸਾਹਮਣੇ ਆਈ ਸੀ।ਇਹ ਫੁਟੇਜ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ-1 ਤੇ ਜਲੰਧਰ ਨੇੜੇ ਦਾ ਸੀ।ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਏਬੀਪੀ ਸਾਂਝਾ ਨੂੰ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਗ੍ਰਿਫ਼ਤਾਰ ਵਿਅਕਤੀਆਂ ਵਿਚੋਂ ਇੱਕ ਲੁਧਿਆਣਾ ਅਤੇ ਦੂਜਾ ਗੁਰਦਾਸਪੁਰ ਜ਼ਿਲ੍ਹੇ ਦਾ ਹੈ।ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਵੀ ਲੈ ਲਿਆ ਗਿਆ ਹੈ।ਪੁਲਿਸ ਅਧਿਕਾਰੀ ਮਤੁਾਬਿਕ ਕਤਲ ਮਾਮਲਾ ਸੁਲਝਾਉਣ ਲਈ ਪਟਿਆਲਾ ਜੇਲ ਤੋਂ ਵੀ ਇੱਕ ਕੈਦੀ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆਂਦਾ ਗਿਆ ਸੀ।ਉਸੇ ਦੇ ਅਧਾਰ ਤੇ ਪੁਲਿਸ ਸ਼ੱਕੀ ਵਿਅਕਤੀਆਂ ਤੋਂ ਪੁਛ ਗਿੱਛ ਕਰ ਰਹੀ ਹੈ।ਹਾਲਾਂਕਿ ਇਹ ਤਿੰਨੋਂ ਸਿੱਧੇ ਤੌਰ ਤੇ ਗੋਲੀਕਾਂਡ ਨਾਲ ਜੁੜੇ ਹੋਏ ਨਹੀਂ ਹਨ।ਪੁਲਿਸ ਇਨ੍ਹਾਂ ਮੁਲਜ਼ਮਾਂ ਦੀ ਮਦਦ ਨਾਲ ਕਾਤਲਾਂ ਤੱਕ ਪਹੁੰਚਣ ਦਾ ਰਸਤਾ ਲੱਭ ਰਹੀ ਹੈ।ਭਰੋਸੇਯੋਗ ਸੂਤਰਾਂ ਮੁਤਾਬਿਕ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦੇ ਮੁਖੀ ਰਣਜੀਤ ਸਿੰਘ ਨੀਟਾ ਜੋ ਇਸ ਵਕਤ ਪਾਕਿਸਤਾਨ 'ਚ ਮੌਜੂਦ ਹਨ ਇਸ ਪੂਰੇ ਕਤਲ ਮਾਮਲੇ ਦਾ ਮਾਸਟਰਮਾਇੰਡ ਹੈ।ਸੂਤਰਾਂ ਮੁਤਾਬਿਕ ਇਹ ਪੂਰੀ ਕਤਲ ਦੀ ਵਾਰਦਾਤ ਨੂੰ ਪਾਕਿਸਤਾਨ 'ਚ ਬੈਠੇ ਨੀਟਾ ਨੇ ਰਚਿਆ ਹੈ।ਪੁਲਿਸ ਨੇ ਕਤਲ ਕੇਸ 'ਚ ਇਸਤਮਾਲ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਹੈ।
ਦੱਸ ਦੇਈਏ ਕਿ 16 ਅਕਤੂਬਰ 2020 ਨੂੰ ਸ਼ੌਰਯਾ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਦਾ ਦੋ ਅਣਪਛਾਤੇ ਕਾਤਲਾਂ ਵਲੋਂ ਉਨ੍ਹਾਂ ਦੀ ਭਿੱਖੀਵਿੰਡ ਰਹਾਇਸ਼ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਤਲ ਮਾਮਲੇ ਦੀ ਜਾਂਚ ਲਈ ਡੀਆਈਜੀ ਫਿਰੋਜ਼ਪੁਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਸੀ।
ਕਾਮਰੇਡ ਬਲਵਿੰਦਰ ਸਿੰਘ, ਨੂੰ ਪੰਜਾਬ ਵਿੱਚ ਅੱਤਵਾਦ ਵਿਰੁੱਧ ਲੜਾਈ ਲੜਨ ਲਈ ਸ਼ੌਰਯਾ ਚੱਕਰ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ 1980 ਤੇ 90 ਦੇ ਦਹਾਕੇ 'ਚ ਦਹਿਸ਼ਤਗਰਦਾਂ ਨਾਲ ਕਈ ਵਾਰ ਲੋਹਾ ਲਿਆ ਸੀ। 1993 ਤੱਕ ਬਲਵਿੰਦਰ ਸਿੰਘ ਤੇ ਪਰਿਵਾਰ 'ਤੇ 11 ਮਹੀਨਿਆਂ 'ਚ 16 ਅਟੈਕ ਹੋਏ ਸੀ। ਬਲਵਿੰਦਰ ਸਿੰਘ ਦਾ ਪਰਿਵਾਰ ਅੱਤਵਾਦੀਆਂ ਦੀ ਹਿੱਟ ਲਿਸਟ 'ਚ ਸੀ।