Punjab Police: ਐਤਵਾਰ ਦੇਰ ਰਾਤ ਫਰੀਦਕੋਟ ਦੇ ਕੋਟਕਪੂਰਾ ਰੋਡ 'ਤੇ ਥਾਣਾ ਸਦਰ ਨੇੜੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਆਪਸੀ ਰੰਜਿਸ਼ ਕਾਰਨ ਦੋ ਗੁੱਟਾਂ ਨੇ ਇੱਕ ਦੂਜੇ 'ਤੇ ਗੋਲੀਆਂ ਚਲਾਈਆਂ। ਦੋਵਾਂ ਗੁੱਟਾਂ ਵਿਚਕਾਰ ਪੰਜ ਤੋਂ ਵੱਧ ਰਾਉਂਡ ਫਾਇਰ ਕੀਤੇ ਗਏ। ਬਾਅਦ ਵਿੱਚ ਦੋਵਾਂ ਗੁੱਟਾਂ ਦੇ ਲੋਕ ਆਪਣੀਆਂ ਗੱਡੀਆਂ ਵਿੱਚ ਭੱਜ ਗਏ।
ਹਾਲਾਂਕਿ, ਹੁਣ ਤੱਕ ਗੋਲੀਬਾਰੀ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਖੁਲਾਸਾ ਕੀਤਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਤੇ ਗੋਲੀਬਾਰੀ ਵਾਲੀ ਥਾਂ ਤੋਂ ਖਾਲੀ ਕਾਰਤੂਸ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਵੀ ਅਧਿਕਾਰੀ ਨੇ ਇਸ ਸਬੰਧ ਵਿੱਚ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ, ਸਥਾਨਕ ਗੈਂਗਸਟਰਾਂ ਦੇ ਦੋ ਸਮੂਹਾਂ ਵਿਚਕਾਰ ਕੁਝ ਸਮੇਂ ਤੋਂ ਕਿਸੇ ਮੁੱਦੇ ਨੂੰ ਲੈ ਕੇ ਦੁਸ਼ਮਣੀ ਚੱਲ ਰਹੀ ਹੈ ਜਿਸ ਕਾਰਨ ਇਹ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਤੋਂ ਪੁਲਿਸ ਇਸ ਮਾਮਲੇ ਨਾਲ ਸਬੰਧਤ ਜਾਣਕਾਰੀ ਇਕੱਠੀ ਕਰ ਰਹੀ ਹੈ।