ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਰੁੱਧ ਬਗਾਵਤ ਕਰਨ ਵਾਲੇ ਚਾਰ ਮੰਤਰੀਆਂ ਵਿੱਚ ਸ਼ਾਮਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਬਟਾਲਾ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੇ ਮੁੱਦੇ 'ਤੇ ਮੁੱਖ ਮੰਤਰੀ ਨਾਲ ਮੀਟਿੰਗ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਸ ਵੇਲੇ ਬਟਾਲਾ ਗੁਰਦਾਸਪੁਰ ਜ਼ਿਲ੍ਹੇ ਦਾ ਹਿੱਸਾ ਹੈ।
ਮੁੱਖ ਮੰਤਰੀ ਨੂੰ ਲਿੱਖੀ ਚਿੱਠੀ 'ਚ ਦੋਵਾਂ ਮੰਤਰੀਆਂ ਨੇ ਕਿਹਾ ਕਿ ਬਟਾਲਾ ਬਠਿੰਡਾ ਤੋਂ ਬਾਅਦ ਪੰਜਾਬ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ। ਜਿਸਦੀ ਨੀਂਹ 1465 ਵਿੱਚ ਰੱਖੀ ਗਈ ਸੀ। ਬਟਾਲਾ ਆਬਾਦੀ ਪੱਖੋਂ ਪੰਜਾਬ ਦਾ 8ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਪਿਛਲੇ ਸਾਲ ਇੱਥੇ ਨਗਰ ਨਿਗਮ ਦਾ ਵੀ ਗਠਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਸ਼ਹਿਰ ਵਿੱਚ ਹੀ ਮਾਤਾ ਸੁਲਖਣੀ ਜੀ ਨਾਲ 8 ਜੁਲਾਈ 1487 ਨੂੰ ਹੋਇਆ ਸੀ। ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਡੇਰਾ ਸਾਹਿਬ ਅਤੇ ਗੁਰਦੁਆਰਾ ਕੰਧ ਸਾਹਿਬ ਇੱਥੇ ਹਨ। ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਵਿਆਹ ਲਈ ਬਟਾਲਾ ਆਏ ਸੀ। ਉਨ੍ਹਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਤਿ ਕਰਤਾਰਿਆ ਹੈ।
ਦੱਸ ਦਈਏ ਕਿ ਪੰਜਾਬ ਕਾਂਗਰਸ ਇਕਾਈ 'ਚ ਚੱਲ ਰਹੀ ਖਿੱਚੋਤਾਣ ਦੌਰਾਨ ਬਾਜਵਾ, ਰੰਧਾਵਾ ਅਤੇ ਦੋ ਹੋਰ ਮੰਤਰੀਆਂ- ਸੁਖਬਿੰਦਰ ਸਿੰਘ ਸਰਕਾਰੀਆ ਅਤੇ ਚਰਨਜੀਤ ਸਿੰਘ ਚੰਨੀ ਸਣੇ ਹੋਰ ਕਈ ਪਾਰਟੀ ਨੇਤਾਵਾਂ ਨੇ ਮੁੱਖ ਮੰਤਰੀ ਦੇ ਵਿਰੁੱਧ ਬਗਾਵਤ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਆਪਣੇ ਵਾਅਦੇ ਪੂਰੇ ਕਰਨ ਦੀ ਯੋਗਤਾ 'ਤੇ ਵਿਸ਼ਵਾਸ ਗੁਆ ਦਿੱਤਾ ਹੈ।
ਚਾਰੇ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਹਾਈਕਮਾਨ ਤੋਂ ਕੀਤੀ ਸੀ ਜਿਸ ਮਗਰੋਂ ਹਾਈਕਮਾਨ ਨੇ ਸਾਫ ਕਰ ਦਿੱਤਾ ਕਿ ਸੂਬੇ ਦੇ ਕਪਤਾਨ ਕੈਪਟਨ ਅਮਰਿੰਦਰ ਸਿੰਘ ਹੀ ਰਹਿਣਗੇ। ਇਨ੍ਹਾਂ ਬਾਗੀ ਆਗੂਆਂ ਨੇ ਪਿਛਲੇ ਮਹੀਨੇ ਦੇਹਰਾਦੂਨ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਨਾਲ ਵੀ ਇਸ ਮੁੱਦੇ 'ਤੇ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ: Weather Update: ਆਈਐਮਡੀ ਨੇ ਜਾਰੀ ਕੀਤੀ ਪੰਜਾਬ, ਉੱਤਰਾਖੰਡ, ਛੱਤੀਸਗੜ੍ਹ 'ਚ ਮੀਂਹ ਦੀ ਚਿਤਾਵਨੀ, ਜਾਣੋ ਦੇਸ਼ ਭਰ ਦੇ ਮੌਸਮ ਦਾ ਹਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin