Punjab news: ਮੋਗਾ ਦੇ ਬੇਰਿਆ ਵਾਲਾ ਮੁਹੱਲੇ ਵਿੱਚ ਘਰ ਤੋਂ ਬਾਹਰ ਕੂੜਾ ਸੁੱਟਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ 6 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਇਸ ਲੜਾਈ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।


ਇਸ ਮਾਮਲੇ 'ਚ ਸਰਕਾਰੀ ਹਸਪਤਾਲ 'ਚ ਜ਼ਖਮੀ ਰਣਜੀਤ ਕੌਰ ਅਤੇ ਉਸ ਦੇ ਲੜਕੇ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੇ ਬਾਹਰ ਕੂੜਾ ਪਿਆ ਹੋਇਆ ਹੈ, ਜਿਸ ਨੂੰ ਚੁੱਕਣ ਲਈ ਉਨ੍ਹਾਂ ਨੇ ਨਗਰ ਨਿਗਮ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਜਦੋਂ ਉਹ ਕੂੜਾ ਚੁੱਕਣ ਲਈ ਆਏ ਤਾਂ ਗੁਆਂਢੀਆਂ ਨੇ ਉਨ੍ਹਾਂ 'ਤੇ ਗੰਦਗੀ ਫੈਲਾਉਣ ਦਾ ਦੋਸ਼ ਲਗਾਇਆ।


ਜਿਸ ਕਾਰਨ ਉਨ੍ਹਾਂ ਦੇ ਬੱਚੇ ਇੱਕ-ਦੂਜੇ ਦੀ ਕੁੱਟਮਾਰ ਕਰਨ ਲੱਗ ਗਏ, ਜਿਸ ਵਿੱਚ ਉਨ੍ਹਾਂ ਦੀਆਂ ਔਰਤਾਂ ਵੀ ਸ਼ਾਮਲ ਸਨ। ਔਰਤ ਰਣਜੀਤ ਨੇ ਦੱਸਿਆ ਕਿ ਉਹ 7 ਤੋਂ 8 ਵਿਅਕਤੀ ਸਨ ਅਤੇ ਦੂਜੀ ਧਿਰ ਦੇ ਤਿੰਨ ਵਿਅਕਤੀ ਸਨ। ਉਨ੍ਹਾਂ ਨੇ ਦੱਸਿਆ ਕਿ ਉਹ ਇਦਾਂ ਹੀ ਲੜਾਈ ਕਰਦੇ ਰਹਿੰਦੇ ਹਨ।


ਇਹ ਵੀ ਪੜ੍ਹੋ: ਨਸ਼ੇ ਵੇਚਣ ਦਾ ਵਿਰੋਧ ਕਰਨਾ ਪਿਆ ਨੌਜਵਾਨ ਨੂੰ ਭਾਰੀ, ਆਪਣੀ ਜਾਨ ਗਵਾ ਕੇ ਚੁਕਾਈ ਕੀਮਤ


ਦੂਜੇ ਪਾਸੇ ਦੂਜੀ ਧਿਰ ਦੇ ਜ਼ਖਮੀ ਸਾਹਿਲ ਅਤੇ ਉਸ ਦੇ ਭਰਾ ਵਿਜੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗੁਆਂਢੀ ਉਨ੍ਹਾਂ ਦੇ ਖਿਲਾਫ ਕਿਸੇ ਨਾ ਕਿਸੇ ਗੱਲ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ ਅਤੇ ਇਸ ਵਾਰ ਉਨ੍ਹਾਂ ਨੇ ਉਨ੍ਹਾਂ ਦੇ ਦਰਵਾਜ਼ੇ ਦੇ ਸਾਹਮਣੇ ਪਏ ਕੂੜੇ ਦੀ ਸ਼ਿਕਾਇਤ ਕੀਤੀ। ਜਿਸ ਨੂੰ ਲੈ ਕੇ ਨਗਰ ਨਿਗਮ ਦਾ ਸਫ਼ਾਈ ਕਰਮਚਾਰੀ ਆਇਆ ਅਤੇ ਕੂੜਾ ਚੁੱਕਣ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ। ਇਸ ਦੌਰਾਨ ਉਹ ਘਰ ਚਲੇ ਗਏ ਪਰ ਥੋੜੀ ਦੇਰ ਬਾਅਦ ਲੜਾਈ ਫਿਰ ਸ਼ੁਰੂ ਹੋ ਗਈ। 


ਉੱਥੇ ਹੀ ਸਾਹਿਲ ਦੇ ਭਰਾ ਨੇ ਦੋਸ਼ ਲਾਇਆ ਕਿ ਉਸ ਨੇ ਕੁਝ ਮਹੀਨੇ ਪਹਿਲਾਂ ਵੀ ਉਸ ਦੀ ਕੁੱਟਮਾਰ ਕੀਤੀ ਸੀ ਅਤੇ ਫਿਰ ਉਸ ਖ਼ਿਲਾਫ਼ 307 ਦਾ ਕੇਸ ਦਰਜ ਕੀਤਾ ਗਿਆ ਸੀ। ਜਿਸ ਦਾ ਰਾਜੀਨਾਮਾ ਹੋ ਗਿਆ ਸੀ।


ਇਸ ਮਾਮਲੇ 'ਚ ਮੋਗਾ ਦੇ ਥਾਣਾ ਸਿਟੀ ਸਾਊਥ ਦੇ ਐੱਸਐੱਚਓ ਅਮਨ ਕੰਬੋਜ ਦਾ ਕਹਿਣਾ ਹੈ ਕਿ ਦੋਵਾਂ ਘਰਾਂ ਦੇ ਲੋਕਾਂ ਵਿਚਕਾਰ ਘਰ ਦੇ ਬਾਹਰ ਕੂੜਾ ਸੁੱਟਣ ਨੂੰ ਲੈ ਕੇ ਬਹਿਸ ਹੋ ਗਈ ਸੀ, ਜੋ ਕਿ ਇੰਨੀ ਵੱਧ ਗਈ ਕਿ ਦੋਹਾਂ ਵਿਚਕਾਰ ਕੁੱਟਮਾਰ ਹੋਣੀ ਸ਼ੁਰੂ ਹੋ ਗਈ। ਇਸ ਕਾਰਨ ਦੋਵਾਂ ਧਿਰਾਂ ਦੇ ਕਰੀਬ 5 ਲੋਕ ਜ਼ਖਮੀ ਹੋ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਦੋਹਾਂ 'ਤੇ ਮਾਮਲਾ ਦਰਜ ਕਰ ਲਿਆ ਹੈ।


ਇਹ ਵੀ ਪੜ੍ਹੋ: ਆਪ ਵੱਲੋਂ ਰਾਜਪਾਲ ਨੂੰ ਚੇਤਾਵਨੀ, ਕਿਹਾ- ਜੇਕਰ ਦਫਤਰ ਦੀ ਜ਼ਮੀਨ ਜਲਦ ਅਲਾਟ ਨਾ ਕੀਤੀ ਤਾਂ ਅਸੀਂ ਰੋਸ ਵਜੋਂ ਆਪਣਾ ਦਫਤਰ ਰਾਜ ਭਵਨ ਦੇ ਬਾਹਰ ਚਲਾਵਾਂਗੇ