Lok Sabha Election 2024: ਪੰਜਾਬ ਦੀਆਂ ਵੱਕਾਰੀ ਬਠਿੰਡਾ ਤੇ ਲੁਧਿਆਣਾ ਸੀਟਾਂ ਨੂੰ ਚੋਣ ਕਮਿਸ਼ਨ ਨੇ ਪੈਸੇ ਦੇ ਖ਼ਰਚ ਪੱਖੋਂ ਸੰਵੇਦਨਸ਼ੀਲ ਐਲਾਨ ਦਿੱਤਾ ਹੈ। ਚੋਣ ਕਮਿਸ਼ਨ ਵੱਲੋਂ ਹਰ ਸੰਸਦੀ ਹਲਕੇ ਵਿੱਚ ਇੱਕ ਖਰਚਾ ਅਬਜ਼ਰਵਰ ਲਾਇਆ ਗਿਆ ਹੈ, ਪਰ ਇਨ੍ਹਾਂ ਸੰਸਦੀ ਹਲਕਿਆਂ ਵਿੱਚ ਖਰਚ ਪੱਖੋਂ ਸੰਵੇਦਨਸ਼ੀਲ ਹੋਣ ਕਰਕੇ ਦੋ-ਦੋ ਖਰਚਾ ਅਬਜ਼ਰਵਰ ਤਾਇਨਾਤ ਕੀਤੇ ਹਨ। 


ਚੋਣ ਕਮਿਸ਼ਨ ਨੇ ਪੰਜਾਬ ਭਰ ਵਿੱਚ 42 ਵਿਧਾਨ ਸਭਾ ਹਲਕੇ ਸ਼ਨਾਖ਼ਤ ਕੀਤੇ ਹਨ ਜਿੱਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਦੌਰਾਨ ਸਭ ਤੋਂ ਵੱਧ ਪੈਸਾ ਆਦਰਸ਼ ਚੋਣ ਜ਼ਾਬਤੇ ਦੌਰਾਨ ਫੜਿਆ ਗਿਆ ਸੀ। ਬਠਿੰਡਾ ਸੰਸਦੀ ਹਲਕੇ ਦੇ ਵਿਧਾਨ ਸਭਾ ਹਲਕਾ ਲੰਬੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ, ਮੌੜ ਤੇ ਮਾਨਸਾ ਵਿਚ ਭਾਰੀ ਨਕਦੀ ਫੜੀ ਗਈ ਸੀ। ਇਸ ਵਾਰ ਚੋਣ ਕਮਿਸ਼ਨ ਦੀ ਇਨ੍ਹਾਂ ਹਲਕਿਆਂ ’ਤੇ ਅੱਖ ਰਹੇਗੀ। ਇਸੇ ਤਰ੍ਹਾਂ ਲੁਧਿਆਣਾ ਸੰਸਦੀ ਸੀਟ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਲੁਧਿਆਣਾ ਪੱਛਮੀ, ਗਿੱਲ, ਦਾਖਾ ਤੇ ਜਗਰਾਓਂ ਨੂੰ ਖਰਚੇ ਪੱਖੋਂ ਸੰਵੇਦਨਸ਼ੀਲ ਐਲਾਨਿਆ ਗਿਆ ਹੈ। 


ਬਠਿੰਡਾ ਸੰਸਦੀ ਹਲਕੇ ਦੀ ਗੱਲ ਕਰੀਏ ਤਾਂ ਜਦੋਂ ਤੋਂ ਸਾਲ 2009 ਤੋਂ ਬਠਿੰਡਾ ਹਲਕਾ ਜਨਰਲ ਹੋਇਆ ਹੈ, ਉਦੋਂ ਤੋਂ ਇਸ ਸੀਟ ਤੋਂ ਹਮੇਸ਼ਾ ਵੋਟਾਂ ਖ਼ਰੀਦਣ ਦੇ ਰੁਝਾਨ ਦੀ ਗੱਲ ਚੱਲੀ ਹੈ। ਹਮੇਸ਼ਾ ਇਸ ਸੀਟ ਤੋਂ ਵੀਆਈਪੀ ਚੋਣ ਲੜਦੇ ਰਹੇ ਹਨ। ਸਾਲ 2019 ਦੀਆਂ ਚੋਣਾਂ ਵਿੱਚ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ’ਚ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਨ।



ਉਧਰ, ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਡਿਪਟੀ ਕਮਿਸ਼ਨਰਾਂ ਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਦੇ 48 ਘੰਟਿਆਂ ਦੌਰਾਨ ਹਲਕੇ ਤੋਂ ਬਾਹਰਲੇ ਲੋਕਾਂ ਦੀ ਆਵਾਜਾਈ ’ਤੇ ਤਿੱਖੀ ਨਜ਼ਰ ਰੱਖੀ ਜਾਵੇ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ’ਤੇ ਮੋਬਾਈਲ ਜਾਂ ਹੋਰ ਇਲੈਕਟ੍ਰਾਨਿਕ ਉਪਕਰਨ ਲਿਜਾਣ ਜਾਂ ਇਸ ਦੀ ਵਰਤੋਂ ਦੀ ਸਖ਼ਤ ਮਨਾਹੀ ਹੈ। ਮੁੱਖ ਚੋਣ ਅਧਿਕਾਰੀ ਨੇ ਪੋਲਿੰਗ ਸਟਾਫ਼ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ਤੇ ਡਿਸਟ੍ਰੀਬਿਊਸ਼ਨ ਤੇ ਰਿਸੀਵਿੰਗ ਸੈਂਟਰਾਂ ’ਤੇ ਖਾਣ-ਪੀਣ ਤੇ ਰਿਹਾਇਸ਼ ਦੇ ਉਚਿਤ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।