ਪਟਿਆਲਾ: ਕੈਨੇਡਾ ਤੋਂ ਬੁਰੀ ਖ਼ਬਰ ਆਈ ਹੈ। ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹ ਨੌਜਵਾਨ ਪਟਿਆਲਾ ਦੇ ਪਿੰਡ ਸ਼ੁਤਰਾਣਾ ਤੇ ਮਹਿਲ ਕਲਾਂ ਦੇ ਪਿੰਡ ਪਿੰਡ ਕੁਰੜ ਦੇ ਸਨ। ਹਾਸਲ ਜਾਣਕਾਰੀ ਮੁਤਾਬਕ ਪਿੰਡ ਸ਼ੁਤਰਾਣਾ ਦੇ ਡੇਰੇ ਤੋਂ ਕੈਨੇਡਾ ਪੜ੍ਹਨ ਗਏ ਨੌਜਵਾਨ ਹਰਮਿੰਦਰ ਸਿੰਘ (22) ਦੀ ਭੇਤਭਰੀ ਹਾਲਾਤ ’ਚ ਮੌਤ ਹੋ ਗਈ। ਇਸੇ ਤਰ੍ਹਾਂ ਮਹਿਲ ਕਲਾਂ ਦੇ ਪਿੰਡ ਕੁਰੜ ਦੇ ਨੌਜਵਾਨ ਤੇ ਗੀਤਕਾਰ ਗੁਰਿੰਦਰ ਸਰਾ ਦੀ ਵੀ ਕੈਨੇਡਾ ਵਿੱਚ ਮੌਤ ਹੋ ਗਈ।


ਹਰਮਿੰਦਰ ਸਿੰਘ ਸਾਲ 2017 ਵਿੱਚ ਕੰਪਿਊਟਰ ਦੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਤੇ ਪੜ੍ਹਾਈ ਪੂਰੀ ਹੋਣ ਉਪਰੰਤ ਉਸ ਨੇ ਪੀਆਰ ਅਪਲਾਈ ਕਰ ਦਿੱਤੀ ਸੀ। ਕੈਨੇਡਾ ਪੁਲਿਸ ਦੇ ਅਧਿਕਾਰੀ ਦਾ ਫੋਨ ਆਇਆ ਕਿ ਲੜਕੇ ਨੇ ਆਤਮ-ਹੱਤਿਆ ਕਰ ਲਈ ਹੈ, ਜਿਸ 'ਤੇ ਪਰਿਵਾਰ ਨੂੰ ਵਿਸ਼ਵਾਸ ਨਾ ਹੋਇਆ ਤਾਂ ਕੈਨੇਡਾ ਵਿੱਚ ਲੜਕੇ ਦੇ ਦੋਸਤਾਂ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਹਰਮਿੰਦਰ ਦੀ ਮੌਤ ਹੋ ਗਈ ਹੈ।

ਇਸੇ ਦੌਰਾਨ ਪਿੰਡ ਕੁਰੜ ਨਾਲ ਸਬੰਧਤ ਉੱਭਰਦੇ ਪੰਜਾਬੀ ਗੀਤਕਾਰ ਗੁਰਿੰਦਰ ਸਰਾ (30) ਦੀ ਕੈਨੇਡਾ 'ਚ ਮੌਤ ਹੋ ਗਈ ਹੈ। ਕੁਲਵਿੰਦਰ ਬਿੱਲਾ ਵੱਲੋਂ ਗਾਏ 'ਗੁੱਤ ਨਾਰ ਦੀ' ਜਦਕਿ ਸਿੱਪੀ ਗਿੱਲ ਵੱਲੋਂ ਗਾਏ 'ਰੈੱਡ ਲੀਫ਼' ਤੇ 'ਸਰਦਾਰ' ਜਿਹੇ ਮਕਬੂਲ ਗੀਤਾਂ ਦੇ ਰਚੇਤਾ ਗੀਤਕਾਰ ਤੇ ਮਾਪਿਆਂ ਦੇ ਇਕਲੌਤੇ ਪੁੱਤਰ ਗੁਰਿੰਦਰ ਸਿੰਘ ਸਰਾ ਪੁੱਤਰ ਬਲਵੀਰ ਸਿੰਘ ਵਾਸੀ ਕੁਰੜ ਤਕਰੀਬਨ ਡੇਢ ਸਾਲ ਪਹਿਲਾਂ ਆਪਣੀ ਪਤਨੀ ਕਿਰਨਪਾਲ ਕੌਰ, ਜੋ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਸੀ, ਕੋਲ ਐਡਮਿੰਟਨ ਚਲਾ ਗਿਆ ਸੀ। ਕੁਝ ਦਿਨ ਪਹਿਲਾਂ ਉਸ ਨੂੰ ਦੌਰਾ ਪਿਆ ਤੇ ਹਸਪਤਾਲ ਵਿੱਚ ਦਾਖਲ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।