ਮਾਨਸਾ: ਝੁਨੀਰ ਨੇੜਲੇ ਪਿੰਡ ਜਟਾਣਾ ਖੁਰਦ (ਟਿੱਬੀ) ਵਿੱਚ ਸਰਪੰਚ ਬਣਦੀਆਂ-ਬਣਦੀਆਂ ਦੋ ਮਹਿਲਾ ਉਮੀਦਵਾਰ ਜੇਲ੍ਹ ਪਹੁੰਚ ਗਈਆਂ। ਇਲਜ਼ਾਮ ਹੈ ਕਿ ਇਨ੍ਹਾਂ ਦੇ ਪੋਲਿੰਗ ਏਜੰਟ ਬੈਲੇਟ ਪੇਪਰ ਲੈ ਕੇ ਭੱਜ ਗਏ ਸੀ। ਪੁਲਿਸ ਨੇ ਦੋ ਮਹਿਲਾ ਉਮੀਦਵਾਰਾਂ ਤੇ ਉਨ੍ਹਾਂ ਦੇ ਦੋ ਪੋਲਿੰਗ ਏਜੰਟਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਰਪੰਚੀ ਦੀਆਂ ਇਨ੍ਹਾਂ ਦੋ ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਮਾਨਸਾ ਦੀ ਜੇਲ੍ਹ ਭੇਜ ਦਿੱਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਮੁਤਾਬਕ ਇਹ ਘਟਨਾ 30 ਦਸੰਬਰ ਨੂੰ ਦੇਰ ਸ਼ਾਮ ਵੋਟਾਂ ਦੀ ਗਿਣਤੀ ਵੇਲੇ ਉਸ ਵੇਲੇ ਵਾਪਰੀ, ਜਦੋਂ ਚੋਣਾਂ ਦਾ ਨਤੀਜਾ ਆ ਗਿਆ। ਇਸ ਨਤੀਜੇ ਨੂੰ ਵੇਖਦਿਆਂ ਦੋ ਪੋਲਿੰਗ ਏਜੰਟ, ਚੋਣ ਸਟਾਫ਼ ਵੱਲੋਂ ਗਿਣ ਕੇ ਰੱਖੀਆਂ 50 ਵੋਟਾਂ ਦੀ ਗੁੱਟੀ ਲੈ ਕੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਮਾਰਦੇ ਹੋਏ ਬਾਹਰ ਦੌੜ ਗਏ।
ਜਟਾਣਾ ਖੁਰਦ ਦੇ ਪ੍ਰੀਜ਼ਾਈਡਿੰਗ ਅਫ਼ਸਰ ਜਗਜੀਤ ਸਿੰਘ ਦੇ ਬਿਆਨਾਂ ਅਨੁਸਾਰ ਜਦੋਂ ਪੋਲਿੰਗ ਸਟੇਸ਼ਨ ਸਰਕਾਰੀ ਪ੍ਰਾਇਮਰੀ ਸਕੂਲ ਜਟਾਣਾ ਖੁਰਦ, ਬੂਥ ਨੰਬਰ 30 ਵਿੱਚ ਸਰਪੰਚੀ ਦੀਆਂ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਸੀ। ਨਤੀਜੇ ਉੱਤੇ ਦਸਤਖ਼ਤ ਕਰਵਾਉਣੇ ਬਾਕੀ ਸਨ। ਇਸ ਦੌਰਾਨ ਜੱਗਾ ਸਿੰਘ ਪੁੱਤਰ ਸੁਖਦੇਵ ਸਿੰਘ, ਜੋ ਉਮੀਦਵਾਰ ਚਰਨਜੀਤ ਕੌਰ ਪਤਨੀ ਜੱਗਾ ਸਿੰਘ ਦਾ ਪੋਲਿੰਗ ਏਜੰਟ ਸੀ ਤੇ ਉਸ ਨਾਲ ਰਮਨਦੀਪ ਸਿੰਘ ਪੁੱਤਰ ਬੋਗਾ ਸਿੰਘ, ਜੋ ਉਮੀਦਵਾਰ ਬਲਜੀਤ ਕੌਰ ਪਤਨੀ ਹਮੀਰ ਸਿੰਘ ਦਾ ਪੋਲਿੰਗ ਏਜੰਟ ਸੀ, ਦੋਵੇਂ ਮਿਲ ਕੇ ਪੁਲੀਸ ਮੁਲਾਜ਼ਮਾਂ ਨੂੰ ਧੱਕੇ ਦੇ ਕੇ ਜਬਰਦਸਤੀ 50 ਵੋਟਰ ਪਰਚੀਆਂ ਦਾ ਬੰਡਲ ਲੈ ਕੇ ਬੂਥ ਤੋਂ ਭੱਜ ਗਏ।
ਇਹ ਪਿੰਡ ਜਨਰਲ ਮਹਿਲਾ ਲਈ ਰਾਖਵਾਂ ਕੀਤਾ ਹੋਇਆ ਸੀ ਤੇ ਇਸ ਵਿਚ ਇਨ੍ਹਾਂ ਦੋਵੇਂ ਉਮੀਦਵਾਰਾਂ ਤੋਂ ਇਲਾਵਾ ਤੀਜੀ ਮਹਿਲਾ ਉਮੀਦਵਾਰ ਬਲਜੀਤ ਕੌਰ ਪਤਨੀ ਅਵਤਾਰ ਸਿੰਘ ਗੋਰਾ ਵੀ ਚੋਣ ਮੈਦਾਨ ਵਿਚ ਸੀ, ਜਿਸ ਨੇ 13 ਵੋਟਾਂ ਦੇ ਫਰਕ ਨਾਲ ਸਰਪੰਚੀ ਦੀ ਚੋਣ ਜਿੱਤ ਲਈ ਹੈ। ਉਸ ਦਾ ਸਬੰਧ ਅਕਾਲੀ ਦਲ ਨਾਲ ਦੱਸਿਆ ਜਾਂਦਾ ਹੈ।
ਪ੍ਰੀਜ਼ਾਈਡਿੰਗ ਅਫ਼ਸਰ ਦੇ ਬਿਆਨਾਂ ਦੇ ਆਧਾਰ ’ਤੇ ਜੱਗਾ ਸਿੰਘ ਪੁੱਤਰ ਸੁਖਦੇਵ ਸਿੰਘ ਤੇ ਉਸ ਦੀ ਪਤਨੀ ਚਰਨਜੀਤ ਕੌਰ, ਬਲਜੀਤ ਕੌਰ ਪਤਨੀ ਹਮੀਰ ਸਿੰਘ ਤੇ ਰਮਨਦੀਪ ਸਿੰਘ ਪੁੱਤਰ ਬੋਗਾ ਸਿੰਘ ਵਾਸੀਆਨ ਜਟਾਣਾਂ ਖੁਰਦ ਵਿਰੁੱਧ ਧਾਰਾ 353, 186, 120 ਬੀ ਆਈਪੀਸੀ ਤੇ ਧਾਰਾ 135 ਲੋਕ ਪ੍ਰਤੀਨਿਧਤਾ ਐਕਟ 1951 ਤਹਿਤ ਥਾਣਾ ਝੁਨੀਰ ਵਿਚ ਕੇਸ ਦਰਜ ਕਰ ਲਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਚਰਨਜੀਤ ਕੌਰ ਤੇ ਬਲਜੀਤ ਕੌਰ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਮਾਨਸਾ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ।