Ukraine-Russia War: ਯੂਕਰੇਨ 'ਤੇ ਰੂਸ ਦੇ ਹਮਲੇ ਦੇ ਬਾਅਦ ਤੋਂ ਉੱਥੇ ਮੌਜੂਦ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਮੁੱਦਾ ਗਰਮਾਇਆ ਹੋਇਆ ਹੈ। ਪੰਜਾਬ ਦੇ 136 ਵਿਦਿਆਰਥੀ ਅਜੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ। ਪੰਜਾਬ ਸਰਕਾਰ ਨੇ ਦੱਸਿਆ ਹੈ ਕਿ ਸੋਮਵਾਰ ਸ਼ਾਮ ਤੱਕ ਸੂਬੇ ਦੇ 856 ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ।



ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਸੂਬੇ ਦੇ 992 ਵਿਦਿਆਰਥੀ ਯੂਕਰੇਨ ਵਿੱਚ ਪੜ੍ਹਦੇ ਹਨ। ਪੰਜਾਬ ਪੁਲਿਸ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “856 ਵਿਦਿਆਰਥੀ ਸੁਰੱਖਿਅਤ ਆਪਣੇ ਘਰ ਪਹੁੰਚ ਗਏ ਹਨ। ਪੁਲਿਸ ਸੂਬੇ ਦੇ 859 ਵਿਦਿਆਰਥੀਆਂ ਦੀ ਪੁਸ਼ਟੀ ਕਰਨ ਵਿੱਚ ਸਫ਼ਲ ਰਹੀ ਹੈ। ਪੰਜਾਬ ਸਰਕਾਰ ਕੋਲ 992 ਵਿਦਿਆਰਥੀਆਂ ਦਾ ਡਾਟਾ ਹੈ। ਇਹ ਅੰਕੜਾ ਕੇਂਦਰ ਸਰਕਾਰ ਨੂੰ ਉਪਲਬਧ ਕਰਵਾਇਆ ਗਿਆ ਹੈ।

ਪੰਜਾਬ ਸਰਕਾਰ ਨੇ ਯੂਕਰੇਨ ਵਿੱਚ ਪੜ੍ਹ ਰਹੇ ਬੱਚਿਆਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਕੇ ਅੰਕੜੇ ਤਿਆਰ ਕੀਤੇ ਹਨ। ਪੰਜਾਬ ਪੁਲਿਸ ਨੇ ਕਿਹਾ, “ਅਸੀਂ 859 ਪਰਿਵਾਰਾਂ ਨਾਲ ਗੱਲ ਕੀਤੀ ਹੈ। ਬਾਕੀ ਵਿਦਿਆਰਥੀਆਂ ਬਾਰੇ ਮਿਲੇ ਅੰਕੜੇ ਸਹੀ ਨਹੀਂ ਹਨ। ਅਸੀਂ ਇਸ 'ਤੇ ਕੰਮ ਕਰ ਰਹੇ ਹਾਂ।''

ਚੰਨੀ ਨੇ ਫਿਰ ਉਠਾਇਆ ਇਹ ਮੁੱਦਾ
ਪੰਜਾਬ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਅੰਮ੍ਰਿਤਸਰ ਦੇ 121 ਵਿਦਿਆਰਥੀਆਂ ਵਿੱਚੋਂ 120 ਵਿਦਿਆਰਥੀ ਵਾਪਸ ਆ ਗਏ ਹਨ। ਬਠਿੰਡਾ ਦੇ ਸਾਰੇ 28 ਵਿਦਿਆਰਥੀ ਵਾਪਸ ਆ ਗਏ ਹਨ। ਬਰਨਾਲਾ ਦੇ 17 ਵਿੱਚੋਂ ਸਿਰਫ਼ ਦੋ ਵਿਦਿਆਰਥੀ ਹੁਣ ਤੱਕ ਵਾਪਸ ਆਏ ਹਨ। ਪਠਾਨਕੋਟ ਦੇ 32 ਵਿਦਿਆਰਥੀਆਂ ਵਿੱਚੋਂ ਸਿਰਫ਼ ਚਾਰ ਹੀ ਵਾਪਸ ਆ ਸਕੇ ਹਨ।

ਯੂਕਰੇਨ 'ਚ ਫਸੇ ਬੱਚਿਆਂ ਦੇ ਮੁੱਦੇ 'ਤੇ ਪੰਜਾਬ ਸਰਕਾਰ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ 'ਚ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਯੂਕਰੇਨ ਵਿੱਚ ਅਜੇ ਵੀ ਫਸੇ ਬੱਚਿਆਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਹੈ।


ਇਹ ਵੀ ਪੜ੍ਹੋ: CNG Price Hike: ਵੋਟਿੰਗ ਖ਼ਤਮ ਹੁੰਦੇ ਹੀ ਵਧਣ ਲੱਗੀ ਮਹਿੰਗਾਈ, ਦਿੱਲੀ-NCR ਸਮੇਤ ਕਈ ਸ਼ਹਿਰਾਂ 'ਚ CNG ਦੀਆਂ ਕੀਮਤਾਂ 'ਚ ਵਾਧਾ