ਗੁਰਦਾਸਪੁਰ: ਯੂਕਰੇਨ ਤੇ ਰੂਸ ਵਿਚਕਾਰ ਚੱਲ ਰਹੀ ਜੰਗ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਦੂਜੇ ਪਾਸੇ ਯੂਕਰੇਨ ਵਿੱਚ ਫਸੇ ਭਾਰਤ ਦੇ ਵਿਦਿਆਰਥੀਆਂ ਵੱਲੋਂ ਲਗਾਤਾਰ ਭਾਰਤ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਯੂਕਰੇਨ ਵਿੱਚੋਂ ਕੱਢਿਆ ਜਾਵੇ। ਗੁਰਦਾਸਪੁਰ ਦੀ ਲੜਕੀ ਦਿਵਿਆ ਨੇ ਅੱਜ ਭਾਰਤ ਪਹੁੰਚਣਾ ਸੀ ਪਰ ਜਦ ਉਹ ਯੂਕਰੇਨ ਤੋਂ ਕੀਵ ਪਹੁੰਚੀ ਤਾਂ ਇਕਦਮ ਬੰਬਾਰੀ ਹੋਈ ਤੇ ਹਵਾਈ ਅੱਡੇ ਤਬਾਹ ਹੋਣ ਨਾਲ ਉਹ ਉਥੇ ਫਸ ਗਈ।
ਪਰਿਵਾਰ ਨੇ ਸੰਸਦ ਮੈਂਬਰ ਸੰਨੀ ਦਿਓਲ ਦੀ ਮਦਦ ਨਾਲ ਆਪਣੀ ਲੜਕੀ ਨੂੰ ਭਾਰਤੀ ਅੰਬੈਸੀ ਰਾਹੀਂ ਨੇੜੇ ਦੇ ਕਾਲਜ ਵਿੱਚ ਬਣਾਏ ਸ਼ੈਲਟਰ ਹੋਮ ਵਿੱਚ ਭੇਜ ਦਿੱਤਾ ਹੈ ਜਿੱਥੋਂ ਉਸ ਨੇ ਵੀਡੀਓ ਕਾਲ ਰਾਹੀਂ ਸਾਰੀ ਸਥਿਤੀ ਦੱਸੀ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਜਲਦ ਤੋਂ ਜਲਦ ਕੱਢਿਆ ਜਾਵੇ।
ਯੂਕਰੇਨ ਵਿੱਚ ਪੜ੍ਹਾਈ ਲਈ ਗਈ ਗੁਰਦਾਸਪੁਰ ਦੀ ਦਿਵਿਆ ਬਹਿਲ ਨੇ ਲਾਈਵ ਹੋ ਕੇ ਉੱਥੋਂ ਦੀ ਤਾਜਾ ਸਥਿਤੀ ਬਾਰੇ ਜਾਣੂ ਕਰਵਾਇਆ। ਉਸ ਨੇ ਦੱਸਿਆ ਕਿ ਵਿਦਿਆਰਥੀ ਇੱਕ ਸ਼ੈਲਟਰ ਵਿੱਚ ਇਕੱਠੇ ਹੋ ਰਹੇ ਹਨ। ਭੁੱਖੇ-ਭਾਣੇ ਦਿਨ ਗੁਜ਼ਾਰ ਰਹੇ ਹਨ। ਇਸ ਉਡੀਕ ਵਿੱਚ ਹਨ ਕਿ ਕਦੋਂ ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਬੰਬਾਰੀ ਹੋ ਰਹੀ ਹੈ ਤੇ ਰੂਸ ਵੱਲੋਂ ਹਵਾਈ ਅੱਡੇ ਵੀ ਤਬਾਹ ਕਰ ਦਿੱਤੇ ਗਏ ਹਨ। ਉੱਥੇ ਹੀ ਦਿਵਿਆ ਬਹਿਲ ਦੇ ਮਾਪੇ ਭਾਰਤ ਸਰਕਾਰ ਤੋਂ ਮਾਮਲੇ ਵਿੱਚ ਤੁਰੰਤ ਕਾਰਵਾਈ ਮੰਗ ਕਰ ਰਹੇ ਹਨ। ਗੁਰਦਾਸਪੁਰ ਦੀ ਬੇਟੀ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਲਦ ਭਾਰਤ ਲਿਆਂਦਾ ਜਾਵੇ।