Punjab News - ਪੰਜਾਬ ਦੇ ਕਿਸਾਨਾਂ ਦੇ ਸਰਵਉੱਚ ਹਿੱਤਾਂ ਦੀ ਚਰਚਾ ਕਰਦਿਆਂ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਅਤੇ ਝੋਨਾ ਉਦਯੋਗ ਦੀਆਂ ਸਾਰੀਆਂ ਬੁਨਿਆਦੀ ਮੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਦੀ ਅਪੀਲ ਕੀਤੀ ਹੈ |
 ਦਿੱਲੀ ਵਿਖੇ ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰੀ ਪੀਯੂਸ਼ ਗੋਇਲ ਨਾਲ ਮੀਟਿੰਗ ਦੌਰਾਨ, ਸ਼੍ਰੀ ਜਾਖੜ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਮੌਜੂਦਗੀ ਵਿੱਚ ਮੰਤਰੀ ਨੂੰ   ਘੱਟੋ-ਘੱਟ ਨਿਰਯਾਤ ਮੁੱਲ (ਐਮਈਪੀ) 'ਤੇ ਪਾਬੰਦੀ ਨੂੰ ਲੈ ਕੇ ਕਿਸਾਨਾਂ, ਉਦਯੋਗਪਤੀਆਂ ਅਤੇ ਚਾਵਲ ਬਰਾਮਦਕਾਰਾਂ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ | ਉਨ੍ਹਾਂ ਨੂੰ ਬਾਸਮਤੀ ਅਤੇ ਝੋਨਾ ਉਗਾਉਣ ਵਾਲੇ ਕਿਸਾਨਾਂ ਦੀ ਆਮਦਨ 'ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ |
 ਕੇਂਦਰੀ ਮੰਤਰੀ ਨੇ ਸ੍ਰੀ ਜਾਖੜ ਨੂੰ ਭਰੋਸਾ ਦਿਵਾਇਆ ਕਿ ਕਿਸਾਨਾਂ ਅਤੇ ਚਾਵਲ ਉਦਯੋਗ ਨੂੰ ਕੇਂਦਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ |  ਸ੍ਰੀ ਗੋਇਲ ਨੇ ਸਬੰਧਤ ਅਧਿਕਾਰੀਆਂ ਨੂੰ ਚਾਵਲ ਉਦਯੋਗ ਦੀਆਂ ਬੁਨਿਆਦੀ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਕਿਹਾ | ਉਨ੍ਹਾਂ ਇਹ ਵੀ ਕਿਹਾ ਕਿ ਬਾਸਮਤੀ 'ਤੇ 1200 ਡਾਲਰ ਪ੍ਰਤੀ ਟਨ ਦੀ ਘੱਟੋ-ਘੱਟ ਨਿਰਯਾਤ ਮੁੱਲ ਸੀਮਾ ਅਸਥਾਈ ਉਪਾਅ ਹੈ ਅਤੇ ਜਲਦੀ ਹੀ ਚਾਵਲ ਮੁੱਲ ਸੀਮਾ ਵਿੱਚ ਢੁਕਵੀਂ ਰਾਹਤ ਦਿੱਤੀ ਜਾਵੇਗੀ |
 ਫੋਰਟੀਫਾਈਡ ਰਾਈਸ (ਐੱਫ.ਆਰ.) ਦੇ ਨਮੂਨਿਆਂ ਦੇ ਫੇਲ ਹੋਣ ਦੇ ਮੁੱਦੇ 'ਤੇੇ ਕਈ ਰਾਈਸ ਮਿੱਲਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਅਤੇ ਲੈਬਾਰਟਰੀ ਟੈਸਟਿੰਗ ਦੀ ਗੁਣਵੱਤਾ ਨੂੰ ਲਗਾਤਾਰ ਵਧਾਉਣ ਲਈ ਕੇਂਦਰੀ ਖੁਰਾਕ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕੇਂਦਰੀ ਮੰਤਰੀ ਨੂੰ ਪ੍ਰਭਾਵੀ ਵਿਧੀ ਵਿਕਸਿਤ ਕਰਨ 'ਤੇ ਵਿਚਾਰ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਚਾਵਲ ਦੇ ਸੈਂਪਲਾਂ ਵਿੱਚ ਨੁਕਸ ਦਾ ਦੋਸ਼ ਪੂਰੀ ਤਰ੍ਹਾਂ ਮਿੱਲ ਮਾਲਕਾਂ ਦਾ ਨਹੀਂ ਹੈ |
 ਇਸ ਤੋਂ ਪਹਿਲਾਂ, ਵੱਖ-ਵੱਖ ਰਾਈਸ ਮਿੱਲਰ ਐਸੋਸੀਏਸ਼ਨਾਂ ਨੇ ਸ਼੍ਰੀ ਜਾਖੜ ਨਾਲ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਸਨ ਅਤੇ ਉਨ੍ਹਾਂ ਨੂੰ ਇਨ੍ਹਾਂ ਮੁੱਦਿਆਂ ਦਾ ਤਰਕਸੰਗਤ ਹੱਲ ਲੱਭਣ ਦੀ ਅਪੀਲ ਕੀਤੀ ਸੀ |
 ਰਾਈਸ ਮਿੱਲਰ ਸਰਕਾਰ ਦੁਆਰਾ ਅਧਿਕਾਰਤ ਨਿੱਜੀ ਨਿਰਮਾਤਾਵਾਂ ਤੋਂ ਫੋਰਟੀਫਾਈਡ ਰਾਈਸ ਕਰਨਲ  ਖਰੀਦਦੇ ਹਨ | ਉਹਨਾਂ ਨੂੰ ਸਿਰਫ਼ ਕਸਟਮ ਮਿਲਡ ਰਾਈਸ ਦੇ ਸਹੀ ਮਿਸ਼ਰਣ ਅਨੁਪਾਤ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ |
 ਸ਼੍ਰੀ ਜਾਖੜ ਨੇ ਕਿਹਾ ਕਿ ਫੋਰਟੀਫਾਈਡ ਚਾਵਲ ਰਾਹੀਂ ਨਾਗਰਿਕਾਂ ਨੂੰ ਬਿਹਤਰ ਪੋਸ਼ਣ ਪ੍ਰਦਾਨ ਕਰਨ ਦਾ ਵਿਸ਼ੇਸ਼ ਉਪਰਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਜ਼ਬੂਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਦਾ ਹਿੱਸਾ ਹੈ | ਉਨ੍ਹਾਂ ਨੇ ਝੋਨਾ ਉਤਪਾਦਕ ਕਿਸਾਨਾਂ ਅਤੇ ਰਾਈਸ ਮਿਲਿੰਗ ਇੰਡਸਟਰੀ ਦੀ ਇਸ ਕਾਰਜ ਵਿੱਚ ਲੰਬੇ ਸਮੇਂ ਤੋਂ ਬਰਾਬਰ ਦੇ ਹਿੱਸੇਦਾਰ ਬਣਨ ਦੀ ਸ਼ਲਾਘਾ ਕੀਤੀ |
 ਇਸੇ ਤਰ੍ਹਾਂ ਚਾਵਲ ਦੇ ਨਮੂਨਿਆਂ ਦੀਆਂ ਲੈਬਾਰਟਰੀ ਰਿਪੋਰਟਾਂ ਵਿੱਚ ਬਦਲਾਅ ਦੇ ਮੁੱਦੇ 'ਤੇ ਸ੍ਰੀ ਜਾਖੜ ਨੇ ਸੁਝਾਅ ਦਿੱਤਾ ਕਿ ਚਾਵਲ ਦੇ ਨਮੂਨਿਆਂ ਨੂੰ ਇਕੱਠਾ ਕਰਨ ਅਤੇ ਟੈਸਟ ਕਰਨ ਸਮੇਂ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਤੋਂ ਬਚਣ ਲਈ ਮੰਤਰਾਲੇ ਵੱਲੋਂ ਨਿਰਧਾਰਤ ਪ੍ਰਯੋਗਸ਼ਾਲਾਵਾਂ ਦੇ ਪੱਧਰ 'ਤੇ ਢੁਕਵੇਂ ਕਦਮ ਚੁੱਕੇ ਜਾ ਸਕਦੇ ਹਨ | ਉਨ੍ਹਾਂ ਇਹ ਵੀ ਆਸ ਪ੍ਰਗਟਾਈ ਕਿ ਸਾਧਨਾਂ ਅਤੇ ਸਹਿਯੋਗ ਸਦਕਾ ਪ੍ਰਯੋਗਸ਼ਾਲਾ ਟੈਸਟਿੰਗ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ |