Punjab News: ਪੰਜਾਬ ਦੇ ਲੁਧਿਆਣਾ 'ਚ ਬੀਤੇ ਦਿਨ ਕਾਂਗਰਸ ਦੇ ਦਫ਼ਤਰ ਨੂੰ ਇਮਾਰਤ ਦੇ ਮਾਲਕ ਨੇ ਅਦਾਲਤ ਦੇ ਹੁਕਮ 'ਤੇ ਖਾਲੀ ਕਰਵਾ ਲਿਆ। ਪਿਛਲੇ ਦਿਨ ਦਿਨ ਭਰ ਕਾਂਗਰਸ ਦਫ਼ਤਰ ਦੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲਦਾ ਰਿਹਾ। ਆਖ਼ਰ ਵਿੱਚ ਥਾਣਾ ਡਿਵੀਜ਼ਨ ਨੰਬਰ 1 ਦੇ ਐਸ.ਐੱਚ.ਓ. ਨੇ ਸਾਫ਼ ਕੀਤਾ ਕਿ ਅਦਾਲਤੀ ਹੁਕਮ ਦੇ ਆਧਾਰ 'ਤੇ ਦਫ਼ਤਰ ਖਾਲੀ ਕਰਵਾਇਆ ਗਿਆ। ਕਾਂਗਰਸ ਨੇ 25 ਸਾਲ ਤੋਂ ਇਸ ਦਫ਼ਤਰ ਦਾ ਕਿਰਾਇਆ ਤੱਕ ਨਹੀਂ ਦਿੱਤਾ ਸੀ।

ਕਾਂਗਰਸ ਦਾ ਦਫ਼ਤਰ ਖਾਲੀ ਹੋਣ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ 'ਤੇ ਤੰਜ ਕੱਸਿਆ। ਉਨ੍ਹਾਂ ਕਿਹਾ– ਜਿਹੜੀਆਂ ਪਾਰਟੀਆਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ, ਉਹਨਾਂ ਦੇ ਨਾਮੋ-ਨਿਸ਼ਾਨ ਮਿਟ ਜਾਂਦੇ ਨੇ। ਅੱਜ ਉਸੇ ਤਰੀਕੇ ਨਾਲ ਕਾਂਗਰਸ ਪਾਰਟੀ ਦਾ ਦਫ਼ਤਰ ਵੀ ਖਾਲੀ ਹੋ ਗਿਆ। ਉਨ੍ਹਾਂ ਕਾਂਗਰਸ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਨੂੰ ਛੱਡ ਕੇ ਜਿਸ ਵੀ ਹੋਰ ਪਾਰਟੀ 'ਚ ਜੋ ਵੀ ਪਦ ਮਿਲੇ, ਓਥੇ ਚਲੇ ਜਾਣ।

ਬਿੱਟੂ ਨੇ ਕਿਹਾ – ਕਾਂਗਰਸ ਦੇ ਇਸ ਦਫ਼ਤਰ 'ਚ ਚਾਰ ਪੀੜ੍ਹੀਆਂ ਨੇ ਕੀਤੀ ਸੀ ਸੇਵਾ

ਅੱਜ ਕਾਂਗਰਸ ਦਾ ਜੋ ਦਫ਼ਤਰ ਖਾਲੀ ਹੋਇਆ ਹੈ, ਕਦੇ ਉਥੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਜ਼ਿਲ੍ਹਾ ਪ੍ਰਧਾਨ, ਪੰਜਾਬ ਪ੍ਰਧਾਨ ਅਤੇ ਮੁੱਖ ਮੰਤਰੀ ਵਜੋਂ ਬੈਠਦੇ ਰਹੇ ਹਨ। ਇਸ ਦਫ਼ਤਰ ਨੂੰ ਸਤਪਾਲ ਮਿੱਤਲ ਅਤੇ ਜੋਗਿੰਦਰ ਪਾਲ ਪਾਂਡੇ ਵਰਗੇ ਆਗੂਆਂ ਨੇ ਸੰਭਾਲਿਆ ਸੀ। ਇੱਥੇ ਹੀ ਕਾਂਗਰਸ ਨੂੰ ਮਜ਼ਬੂਤ ਬਣਾਉਣ ਲਈ ਯੋਜਨਾਵਾਂ ਬਣਦੀਆਂ ਰਹੀਆਂ।

ਇਸੇ ਦਫ਼ਤਰ 'ਚ ਬੈਠ ਕੇ ਆਤੰਕਵਾਦ ਦੇ ਖਿਲਾਫ ਲੜਾਈ ਦੀ ਰਣਨੀਤੀ ਵੀ ਬਣਾਈ ਗਈ ਸੀ। ਕਾਂਗਰਸ ਦੇ ਇਸ ਦਫ਼ਤਰ ਵਿੱਚ ਚਾਰ-ਚਾਰ ਪੀੜ੍ਹੀਆਂ ਨੇ ਸੇਵਾ ਨਿਭਾਈ, ਪਰ ਅੱਜ ਇਹ ਵੇਖ ਕੇ ਬਹੁਤ ਅਫ਼ਸੋਸ ਹੋਇਆ ਕਿ ਉਸ ਕਾਂਗਰਸੀ ਦਫ਼ਤਰ ਦਾ ਸਾਰਾ ਸਮਾਨ ਚੁੱਕ ਕੇ ਬਾਹਰ ਸੁੱਟ ਦਿੱਤਾ ਗਿਆ। ਮੈਂ ਖੁਦ ਵੀ ਕਾਂਗਰਸ 'ਚ ਸੰਸਦ ਮੈਂਬਰ ਰਹਿ ਚੁੱਕਾ ਹਾਂ। ਉਸ ਸਮੇਂ ਵੀ ਇਹ ਗੱਲ ਚੱਲਦੀ ਰਹੀ ਸੀ ਕਿ ਕਾਂਗਰਸ ਲਈ ਇੱਕ ਅਲੱਗ ਦਫ਼ਤਰ ਬਣਾਇਆ ਜਾਣਾ ਚਾਹੀਦਾ ਹੈ।

ਕਾਂਗਰਸ ਹੁਣ ਦਫ਼ਤਰਾਂ ਤੋਂ ਨਹੀਂ, ਸਗੋਂ ਘਰਾਂ ਤੋਂ ਚੱਲ ਰਹੀ ਹੈ – ਬਿੱਟੂ

ਅੱਜ ਦੁੱਖ ਹੋਇਆ ਕਿ ਜੋ ਪਾਰਟੀ ਆਪਣਾ ਦਫ਼ਤਰ ਤੱਕ ਨਹੀਂ ਬਚਾ ਸਕੀ, ਉਹ ਆਪਣੇ ਵਰਕਰਾਂ ਦੀ ਕੀ ਇੱਜ਼ਤ ਕਰੇਗੀ? ਕਾਂਗਰਸ ਦੇ ਨੇਤਾਵਾਂ ਨੇ ਪਹਿਲਾਂ ਵੀ ਕਈ ਵੱਡੇ ਘਪਲੇ ਕੀਤੇ ਹਨ। ਗਾਂਧੀ ਪਰਿਵਾਰ ਵੱਲੋਂ ਬਣਾਈਆਂ ਗਈਆਂ ਇਮਾਰਤਾਂ ਦੀ ਵੀ ਜਾਂਚ ਚੱਲ ਰਹੀ ਹੈ। ਅੱਜ ਕਾਂਗਰਸ ਦੇ ਵਰਕਰਾਂ ਦੇ ਦਿਲ ਟੁੱਟੇ ਹੋਣਗੇ।

ਇਸ ਲਈ ਮੈਂ ਸਾਰੇ ਕਾਂਗਰਸੀਆਂ ਨੂੰ ਕਹਿੰਦਾ ਹਾਂ ਕਿ ਹੁਣ ਕਾਂਗਰਸ 'ਚ ਕਿਸੇ ਦੀ ਇੱਜ਼ਤ ਨਹੀਂ ਰਹਿ ਗਈ। ਕਾਂਗਰਸ ਹੁਣ ਦਫ਼ਤਰਾਂ ਤੋਂ ਨਹੀਂ, ਘਰਾਂ ਤੋਂ ਚੱਲ ਰਹੀ ਹੈ। ਪਾਰਟੀ ਹੁਣ ਕਈ ਹਿੱਸਿਆਂ 'ਚ ਵੰਡ ਚੁੱਕੀ ਹੈ। ਅੱਜ ਭਾਜਪਾ ਦਾ ਦਫ਼ਤਰ ਦੇਖਣ ਯੋਗ ਹੈ, ਜਿੱਥੇ ਹਰ ਨੇਤਾਂ ਨੂੰ ਆਪਣੇ ਕਮਰੇ ਅਤੇ ਥਾਂ ਮਿਲਦੀ ਹੈ। ਅੱਜ ਮੈਂ ਇੱਕ ਰਾਜਨੀਤਿਕ ਪਾਰਟੀ ਦੇ ਵਰਕਰ ਦਾ ਦਰਦ ਸਾਂਝਾ ਕੀਤਾ ਹੈ ਕਿ ਕਿਹੜੀਆਂ ਕਾਰਨਾਂ ਕਰਕੇ ਪਾਰਟੀਆਂ ਟੁੱਟ ਰਹੀਆਂ ਹਨ।