ਅੰਮ੍ਰਿਤਸਰ: ਕੇਂਦਰੀ ਮੰਤਰੀ ਤੇ ਸਾਬਕਾ ਰਾਜਦੂਤ ਹਰਦੀਪ ਸਿੰਘ ਪੁਰੀ ਨੇ ਅੰਮ੍ਰਿਤਸਰ ਵਿੱਚ ਡੇਰੇ ਲਾ ਲਏ ਹਨ। ਭਾਜਪਾ ਦੀ ਟਿਕਟ 'ਤੇ ਅੰਮ੍ਰਿਤਸਰ ਤੋਂ ਚੋਣ ਲੜਨ ਆਏ ਪੁਰੀ ਦੇ ਸਮਰਥਨ ਵਿੱਚ ਸਾਬਕਾ 'ਆਪ' ਲੀਡਰ ਤੇ ਐਮਪੀ ਹਰਿੰਦਰ ਖ਼ਾਲਸਾ ਵੀ ਨਿੱਤਰ ਆਏ ਹਨ। ਖ਼ਾਲਸਾ ਨੇ ਕਿਹਾ ਕਿ ਹਰਦੀਪ ਪੁਰੀ ਵਧੀਆ ਤੇ ਕਾਬਲ ਇਨਸਾਨ ਹਨ। ਖ਼ਾਲਸਾ ਨੇ ਦਾਅਵਾ ਕੀਤਾ ਕਿ ਹਰਦੀਪ ਪੁਰੀ ਗੋਰਿਆਂ ਦੀ ਨਬਜ਼ ਸਮਝ ਸਕਦੇ ਹਨ ਤਾਂ ਆਪਣੇ ਦੇਸ਼ ਦੇ ਲੋਕਾਂ ਦੀ ਕਿਉਂ ਨਹੀਂ।

ਹਰਦੀਪ ਪੁਰੀ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਉਣ 'ਤੇ ਖ਼ਾਲਸਾ ਨੇ ਕਿਹਾ ਕਿ ਬਾਹਰਲਾ ਹੋਣ ਦਾ ਕੋਈ ਮੁੱਦਾ ਨਹੀਂ। ਖ਼ਾਲਸਾ ਨੇ ਆਪਣੇ ਬਾਰੇ ਕਿਹਾ ਕਿ ਉਹ ਕਦੇ ਵੀ ਟਿਕਟ ਦੇ ਦਾਅਵੇਦਾਰ ਨਹੀਂ ਸਨ ਤੇ ਨਾ ਹੀ ਉਨ੍ਹਾਂ ਨੇ ਪਾਰਟੀ ਦੇ ਅੱਗੇ ਕੋਈ ਸ਼ਰਤ ਰੱਖੀ ਸੀ। ਖ਼ਾਲਸਾ ਨੇ ਕਿਹਾ ਕਿ ਉਹ ਹਰਦੀਪ ਪੁਰੀ ਨੂੰ ਚਾਰ ਦਹਾਕਿਆਂ ਤੋਂ ਜਾਣਦੇ ਹਨ ਤੇ ਉਨ੍ਹਾਂ ਨਾਲ ਪਰਿਵਾਰਕ ਸਬੰਧ ਹਨ ਤੇ ਉਹ ਲਈ ਜੀ ਜਾਨ ਨਾਲ ਕੰਮ ਕਰਨਗੇ।

ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਏ ਗਏ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਧਰਮ ਪਤਨੀ ਲਕਸ਼ਮੀ ਪੁਰੀ ਨੇ ਅੱਜ ਖੁਸ਼ੀ ਪ੍ਰਗਟਾਈ ਕਿ ਉਹ ਕਰਮਾਂ ਵਾਲੇ ਹਨ ਕਿ ਉਨ੍ਹਾਂ ਨੂੰ ਗੁਰੂ ਘਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਪੁਰੀ ਅੰਮ੍ਰਿਤਸਰ ਦੀ ਸੇਵਾ ਦਾ ਕੋਈ ਮੌਕਾ ਨਹੀਂ ਛੱਡਣਗੇ ਕਿਉਂਕਿ ਉਨ੍ਹਾਂ ਕੋਲ ਅੰਮ੍ਰਿਤਸਰ ਦੇ ਵਿਕਾਸ ਦਾ ਵਿਜ਼ਨ ਹੈ।

ਲਕਸ਼ਮੀ ਪੁਰੀ ਨੇ ਕਿਹਾ ਕਿ ਭਾਵੇਂ ਕਿ ਉਹ ਡਿਪਲੋਮੈਟ ਰਹੇ ਹਨ ਪਰ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਪਤਾ ਹੈ ਤੇ ਇਸ ਵਿੱਚ ਉਹ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਨੇ ਪਰਦੀਪ ਪੁਰੀ ਦੇ ਬਾਹਰੀ ਹੋਣ ਦੀਆਂ ਗੱਲਾਂ ਨੂੰ ਬੇਬੁਨਿਆਦ ਦੱਸਿਆ। ਲਕਸ਼ਮੀ ਪੁਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਲੋਕਾਂ ਦੇ ਨਾਲ ਸੰਪਰਕ ਬਣਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਏਗੀ ਤੇ ਨਰੇਂਦਰ ਮੋਦੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ ਤੇ ਕਰਦੀ ਪੂਰੀ ਹੁੰਦੇ ਸਭ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ।