ਚੰਡੀਗੜ੍ਹ: ਕੋਵਿਡ-19 ਮਹਾਮਾਰੀ ਦੌਰਾਨ ਸ਼ਹਿਰੀ ਖੇਤਰਾਂ ਵਿਚ ਵਧੇਰੇ ਰਾਹਤ ਦੇਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਐਲਾਨ ਕੀਤਾ ਹੈ ਕਿ 30.09.2020 ਤੱਕ ਰਾਜ ਦੇ ਸਾਰੇ 167 ਮਿਉਂਸਪਲ ਕਸਬਿਆਂ ਵਿਚ ਸਿਰਫ ਐਤਵਾਰ ਵਾਲੇ ਦਿਨ ਹੀ ਪੂਰਾ ਕਰਫ਼ਿਊ ਰਹੇਗਾ ਅਤੇ ਸ਼ਨੀਵਾਰ ਨੂੰ ਦਿਨੇ ਕੋਈ ਕਰਫ਼ਿਊ ਨਹੀਂ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕੋਵਿਡ -19 ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਸ਼ਨੀਵਾਰ ਨੂੰ ਦਿਨ ਦੇ ਕਰਫਿਊ ਵਿੱਚ ਢਿੱਲ ਤੋਂ ਇਲਾਵਾ ਸ਼ਹਿਰੀ ਖੇਤਰਾਂ ਵਿੱਚ ਕੁਝ ਹੋਰ ਪਾਬੰਦੀਆਂ 'ਚ ਢਿੱਲ ਦੇਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹਫ਼ਤੇ ਦੌਰਾਨ ਪੰਜਾਬ ਦੇ ਸਾਰੇ ਸ਼ਹਿਰਾਂ ਦੀਆਂ ਮਿਉਂਸਪਲ ਹੱਦਾਂ ਦੇ ਅੰਦਰ ਰਾਤ 9:30 ਵਜੇ ਤੋਂ ਸਵੇਰੇ 5 ਵਜੇ ਤੱਕ ਸਾਰੇ ਗੈਰ-ਜ਼ਰੂਰੀ ਕੰਮਾਂ ਲਈ ਵਿਅਕਤੀਆਂ ਦੀ ਆਵਾਜਾਈ 'ਤੇ ਪਾਬੰਦੀ ਰਹੇਗੀ।
ਹਾਲਾਂਕਿ, ਜ਼ਰੂਰੀ ਗਤੀਵਿਧੀਆਂ ਅਤੇ ਸੇਵਾਵਾਂ ਜਿਵੇਂ ਕਿ ਕੌਮੀ ਅਤੇ ਰਾਜ ਮਾਰਗਾਂ 'ਤੇ ਵਿਅਕਤੀਆਂ ਅਤੇ ਵਸਤਾਂ ਦੀ ਆਵਾਜਾਈ, ਅੰਤਰ-ਰਾਜੀ ਅਤੇ ਸੂਬੇ ਅੰਦਰ ਵਿਅਕਤੀਆਂ ਦੀ ਆਵਾਜਾਈ, ਮਾਲ ਲਾਹੁਣ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ 'ਚੋਂ ਉਤਰਨ ਤੋਂ ਬਾਅਦ ਹਦਾਇਤਾ ਮੁਤਾਬਿਕ ਵਿਅਕਤੀਆਂ ਨੂੰ ਆਪਣੀ ਮੰਜ਼ਿਲ 'ਤੇ ਜਾਣ ਦੀ ਆਗਿਆ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਸਿਹਤ, ਖੇਤੀਬਾੜੀ ਅਤੇ ਸਬੰਧਤ ਗਤੀਵਿਧੀਆਂ, ਡੇਅਰੀ ਅਤੇ ਮੱਛੀ ਪਾਲਣ ਦੀਆਂ ਗਤੀਵਿਧੀਆਂ, ਬੈਂਕਾਂ, ਏਟੀਐਮਜ਼, ਸਟਾਕ ਮਾਰਕੀਟਾਂ, ਬੀਮਾ ਕੰਪਨੀਆਂ, ਆਨ-ਲਾਈਨ ਟੀਚਿੰਗ, ਜਨਤਕ ਸਹੂਲਤਾਂ, ਜਨਤਕ ਟਰਾਂਸਪੋਰਟ, ਮਲਟੀਪਲ-ਸ਼ਿਫ਼ਟਾਂ ਵਿੱਚ ਉਦਯੋਗ, ਨਿਰਮਾਣ ਉਦਯੋਗ, ਨਿੱਜੀ ਅਤੇ ਸਰਕਾਰੀ ਦਫ਼ਤਰਾਂ ਆਦਿ ਵੀ ਮਨਜ਼ੂਰੀ ਹੋਵੇਗੀ।ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਸਿਹਤ ਸੰਭਾਲ ਸੰਸਥਾਵਾਂ ਜਿਵੇਂ ਕਿ ਹਸਪਤਾਲ, ਲੈਬਾਂ, ਡਾਇਗਨੌਸਟਿਕ ਸੈਂਟਰ ਅਤੇ ਕੈਮਿਸਟ ਦੁਕਾਨਾਂ ਹਫ਼ਤੇ ਦੇ ਸਾਰੇ ਦਿਨਾਂ ਦੌਰਾਨ 24 ਘੰਟੇ ਖੁੱਲ੍ਹੇ ਰਹਿਣਗੇ।
ਇਸ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ, ਯੂਨੀਵਰਸਿਟੀਆਂ, ਬੋਰਡਾਂ, ਲੋਕ ਸੇਵਾ ਕਮਿਸ਼ਨਾਂ ਅਤੇ ਹੋਰ ਸੰਸਥਾਵਾਂ ਵਲੋਂ ਕਰਵਾਈਆਂ ਜਾਂਦੀਆਂ ਦਾਖਲਾ ਪ੍ਰੀਖਿਆਵਾਂ ਦੇ ਸਬੰਧ ਵਿੱਚ ਵਿਦਿਆਰਥੀਆਂ ਅਤੇ ਵਿਅਕਤੀਆਂ ਦੀ ਆਵਾਜਾਈ ਦੀ ਵੀ ਆਗਿਆ ਹੋਵੇਗੀ।ਹਫ਼ਤੇ ਦੇ ਅੰਤਲੇ ਦਿਨਾਂ/ ਰਾਤ ਦੀਆਂ ਪਾਬੰਦੀਆਂ ਦਾ ਵੇਰਵਾ ਦਿੰਦੇ ਹੋਏ ਬੁਲਾਰੇ ਨੇ ਕਿਹਾ ਕਿ ਜ਼ਰੂਰੀ ਵਸਤਾਂ ਦੇ ਕਾਰੋਬਾਰ ਵਿੱਚ ਸ਼ਾਮਲ ਦੁਕਾਨਾਂ / ਮਾਲਾਂ ਨੂੰ ਛੱਡ ਕੇ ਬਾਕੀ ਦੁਕਾਨਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਤੱਕ ਰਾਤ 9 ਵਜੇ ਤੱਕ ਖੁੱਲੇ ਰਹਿਣ ਦੀ ਇਜਾਜ਼ਤ ਹੋਵੇਗੀ ਪਰ ਐਤਵਾਰ ਨੂੰ ਸਾਰੇ ਸ਼ਹਿਰਾਂ ਵਿੱਚ ਇਹ ਬੰਦ ਰਹਿਣਗੇ।
ਜ਼ਰੂਰੀ ਵਸਤਾਂ ਦੇ ਕਾਰੋਬਾਰ ਵਿੱਚ ਸ਼ਾਮਲ ਦੁਕਾਨਾਂ/ਮਾਲ ਹਫ਼ਤੇ ਦੇ ਅੰਤਲੇ ਦਿਨਾਂ ਦੌਰਾਨ ਵੀ ਰਾਤ ਦੇ 9 ਵਜੇ ਤੱਕ ਖੁੱਲ੍ਹੇ ਰਹਿਣਗੇ।ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਧਾਰਮਿਕ ਸਥਾਨਾਂ ਨੂੰ ਵੀ ਰਾਤ ਦੇ 9 ਵਜੇ ਤੱਕ ਸਾਰੇ ਦਿਨਾਂ ਦੌਰਾਨ ਖੁੱਲੇ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਵੇਂ ਕਿ ਰੈਸਟੋਰੈਂਟ (ਮਾਲ,ਹੋਟਲਾਂ ਵਿਚਲੇ ਸਮੇਤ) ਅਤੇ ਸ਼ਰਾਬ ਦੇ ਠੇਕਿਆਂ ਦੇ ਮਾਮਲੇ ਵਿੱਚ ਦਿੱਤੀ ਗਈ ਹੈ। ਦਿਨ ਸਮੇਂ ਦੀਆਂ ਪਾਬੰਦੀਆਂ ਹੋਟਲਾਂ 'ਤੇ ਲਾਗੂ ਨਹੀਂ ਹੁੰਦੀਆਂ।
ਗੌਰਤਲਬ ਹੈ ਕਿ ਵਾਹਨਾਂ ਵਿਚ ਯਾਤਰੀਆਂ ਦੀ ਗਿਣਤੀ 'ਤੇ ਮੌਜੂਦਾ ਪਾਬੰਦੀਆਂ ਵੀ ਲਾਗੂ ਰਹਿਣਗੀਆਂ ਜਿਸ ਵਿੱਚ 4 ਪਹੀਆ ਵਾਹਨ 'ਚ ਡਰਾਇਵਰ ਸਮੇਤ 3 ਵਿਅਕਤੀਆਂ ਅਤੇ ਸਾਰੀਆਂ ਬੱਸਾਂ ਤੇ ਜਨਤਕ ਟਰਾਂਸਪੋਰਟ ਵਾਹਨਾਂ ਨੂੰ ਬੈਠਣ ਦੀ ਸਿਰਫ਼ ਅੱਧੀ (50%)ਸਮਰੱਥਾ ਨਾਲ ਚੱਲਣ ਦੀ ਆਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਮਹੀਨੇ ਦੇ ਅੰਤ ਤੱਕ 50 ਫੀਸਦੀ ਸਟਾਫ ਨਾਲ ਕੰਮ ਕਰਨਗੇ, ਭਾਵ ਕਿਸੇ ਵੀ ਦਿਨ 50 ਫੀਸਦੀ ਤੋਂ ਵੱਧ ਕਰਮਚਾਰੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।
ਦਫ਼ਤਰਾਂ ਦੇ ਮੁਖੀ ਸਰਕਾਰੀ ਦਫਤਰਾਂ ਵਿੱਚ ਜਨਤਕ ਆਮਦ ਨੂੰ ਸੀਮਤ ਰੱਖਣਗੇ ਅਤੇ ਆਨ-ਲਾਈਨ ਪੰਜਾਬ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀਜੀਆਰਐਸ) ਅਤੇ ਹੋਰ ਆਨ-ਲਾਈਨ ਸਾਧਨਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨਗੇ ਤਾਂ ਜੋ ਦਫਤਰਾਂ ਵਿੱਚ ਵਿਅਕਤੀਗਤ ਸੰਪਰਕ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਸੀਆਰਪੀਸੀ ਦੀ ਧਾਰਾ 144 ਤਹਿਤ ਸਾਰੇ ਸਮਾਜਿਕ, ਰਾਜਨੀਤਿਕ, ਧਾਰਮਿਕ ਇਕੱਠਾਂ, ਵਿਰੋਧ ਪ੍ਰਦਰਸ਼ਨਾਂ ਅਤੇ ਰੈਲੀਆਂ 'ਤੇ ਪਾਬੰਦੀ ਲਗਾਈ ਜਾਵੇਗੀ, ਜਦਕਿ ਵਿਆਹ ਅਤੇ ਅੰਤਿਮ ਸੰਸਕਾਰ ਨਾਲ ਜੁੜੇ ਇਕੱਠਾਂ ਵਿਚ ਕ੍ਰਮਵਾਰ ਸਿਰਫ 30 ਵਿਅਕਤੀਆਂ ਅਤੇ 20 ਵਿਅਕਤੀਆਂ ਨੂੰ ਸ਼ਾਮਲ ਹੋਣ ਦੀ ਆਗਿਆ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ‘ਤੇ ਸੀ.ਆਰ.ਪੀ.ਸੀ ਦੀ ਧਾਰਾ 144 ਤਹਿਤ ਪ੍ਰਬੰਧਕਾਂ ਅਤੇ ਮੁੱਖ ਭਾਗੀਦਾਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੁਹਰਾਇਆ ਕਿ ਉਪਰੋਕਤ ਪਾਬੰਦੀਆਂ ਸੂਬੇ ਦੇ ਸਿਰਫ ਸ਼ਹਿਰੀ ਖੇਤਰਾਂ ਵਿੱਚ ਲਾਗੂ ਹੋਣਗੀਆਂ।