UPSC Results: ਯੂਪੀਐਸਸੀ ਦੇ ਵੱਲੋਂ ਐਲਾਨੇ ਗਏ ਸਿਵਲ ਸਰਵਿਸ ਫਾਈਨਲ 2021 ਦੇ ਨਤੀਜਿਆਂ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੀ ਰਹਿਣ ਵਾਲੀ ਗਾਮਿਨੀ  ਸਿੰਗਲਾ ਨੇ ਆਲ ਇੰਡੀਆ ਦੇ ਵਿਚ ਤੀਜਾ ਰੈਂਕ ਪ੍ਰਾਪਤ ਕਰ ਕੇ ਸ੍ਰੀ ਆਨੰਦਪੁਰ ਸਾਹਿਬ ਦਾ ਨਾਮ ਰੌਸ਼ਨ ਕਰ ਦਿੱਤਾ ਹੈ l ਆਪਣੀ ਲਗਨ ਅਤੇ ਮਿਹਨਤ ਨਾਲ ਪ੍ਰੀਖਿਆ ਪਾਸ ਕਰਕੇ ਗਾਮਿਨੀ ਆਈਏਐੱਸ ਬਣ ਗਈ ਹੈ ਜਿਸ ਤੋਂ ਬਾਅਦ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਵੱਲੋਂ ਸਭ ਤੋਂ ਪਹਿਲਾਂ ਮਾਤਾ ਨੈਣਾ ਦੇਵੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਜਿਸ ਤੋਂ ਤੋਂ ਬਾਅਦ ਢੋਲ ਦੀ ਥਾਪ 'ਤੇ ਪੂਰੇ ਪਰਿਵਾਰ ਨੇ ਭੰਗੜਾ ਪਾਇਆ। 

 


ਦੱਸਣਯੋਗ ਹੈ ਕਿ ਗਾਮਿਨੀ ਸਿੰਗਲਾ ਦੇ ਮਾਤਾ ਪਿਤਾ ਪੇਸ਼ੇ ਵਜੋਂ ਡਾਕਟਰ ਹਨ ਅਤੇ ਹਿਮਾਚਲ ਦੇ ਸ੍ਰੀ ਨੈਣਾਂ ਦੇਵੀ ਤਹਿਸੀਲ ਦੇ ਵਿੱਚ ਸੇਵਾ ਨਿਭਾ ਰਹੇ ਹਨ l ਗਾਮਿਨੀ ਆਪਣੇ ਮਾਤਾ ਪਿਤਾ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਦੇ ਸੁਖ ਸਹਿਜ ਐਨਕਲੇਵ ਕਾਲੋਨੀ ਦੇ ਵਿੱਚ ਰਹਿ ਕੇ ਆਈ.ਏ. ਐੱਸ ਦੀ ਤਿਆਰੀ ਕਰ ਰਹੀ ਸੀ ਤੇ ਅੱਜ ਜਦੋਂ ਯੂਪੀਐੱਸਸੀ ਵੱਲੋਂ ਇਹ ਨਤੀਜੇ ਘੋਸ਼ਿਤ ਕੀਤੇ ਗਏ ਤਾਂ ਜਿੱਥੇ ਗਾਮਿਨੀ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਉਥੇ ਗਾਮੀਨੀ ਦੇ ਮਾਤਾ ਪਿਤਾ ਨੂੰ ਆਪਣੀ ਬੇਟੀ ਦੀ ਇਸ ਵੱਡੀ ਪ੍ਰਾਪਤੀ ਤੇ ਨਾਜ਼ ਹੈ । ਮਾਤਾ ਨੈਣਾਂ ਦੇਵੀ ਦਰਬਾਰ ਤੇ ਨਤਮਸਤਕ ਹੋਣ ਤੋਂ ਬਾਅਦ ਘਰ ਵਾਪਸੀ ਕਰਦਿਆਂ ਹੋਇਆ ਪਰਿਵਾਰ ਨੇ ਖੁਸ਼ੀ ਵਿੱਚ ਮੁਹੱਲੇ ਦੇ ਨਾਲ ਮਨਾਈ ਤੇ ਢੋਲ ਤੇ ਭੰਗੜਾ ਪਾਇਆ ।  

 

ਗੌਰਤਲਬ ਹੈ ਕਿ ਗਾਮਿਨੀ ਨੇ ਚੰਡੀਗਡ਼੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ ਤੋਂ ਕੰਪਿਊਟਰ ਵਿੱਚ ਡਿਗਰੀ ਕੀਤੀ ਹੈ । ਗਾਮਿਨੀ ਵੱਲੋਂ ਆਈ.ਏ.ਐੱਸ ਦਾ ਪੇਪਰ ਦੂਜੀ ਵਾਰ ਦਿੱਤਾ ਗਿਆ ਸੀ ਅਤੇ ਦੂਜੀ ਵਾਰ ਉਸਦੇ ਵੱਲੋਂ ਇਹ ਪੇਪਰ ਕਲੀਅਰ ਕਰਕੇ ਪੂਰੇ ਦੇਸ਼ ਦੇ ਵਿਚ ਤੀਜਾ ਰੈਂਕ ਹਾਸਲ ਕੀਤਾ ਗਿਆ । ਗਾਮਿਨੀ ਦੀ ਇਸ ਪ੍ਰਾਪਤੀ ਦੇ ਲਈ ਆਪਣੇ ਮਾਪਿਆਂ, ਸਾਕ ਸਬੰਧੀਆਂ ਅਤੇ ਆਂਢ-ਗੁਆਂਢ ਦਾ ਧੰਨਵਾਦ ਕੀਤਾ। ਓਹਨਾ ਕਿਹਾ ਕਿ ਇਹ ਸਫਰ ਆਸਾਨ ਨਹੀਂ ਸੀ ਪਰ ਸਖਤ ਮਿਹਨਤ ਤੇ ਹੌਸਲੇ ਨਾਲ ਉਸ ਨੇ ਅੱਜ ਆਪਣੀ ਮੰਜ਼ਿਲ ਪ੍ਰਾਪਤ ਕੀਤੀ ਹੈ ਤੇ ਜਿਸਦੇ ਲਈ ਉਹ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਾਤਾ ਨੈਣਾ ਦੇਵੀ ਦੇ ਸ਼ੁਕਰਗੁਜ਼ਾਰ ਹਨ।

 

ਗਾਮੀਨੀ ਸਿੰਗਲਾ ਦੇ ਪਿਤਾ ਡਾ. ਆਲੋਕ ਸਿੰਗਲਾ ਤੇ ਉਹਨਾਂ ਦੀ ਮਾਤਾ ਡਾ. ਨੀਰਜਾ ਨੇ ਆਪਣੀ ਬੇਟੀ ਦੀ ਇਸ ਪ੍ਰਾਪਤੀ ਤੇ ਜਿਥੇ ਖੁਸ਼ੀ ਦਾ ਇਜ਼ਹਾਰ ਕੀਤਾ ਉਥੇ ਓਹਨਾ ਕਿਹਾ ਕਿ ਉਹ ਹਰ ਉਸ ਸ਼ਕਸ ਦੇ ਸ਼ੁਕਰਗੁਜ਼ਾਰ ਹਨ ਜਿਸਨੇ ਵੀ ਗਾਮੀਨੀ ਦੀ ਇਸ ਪ੍ਰਾਪਤੀ ਵਿਚ ਯੋਗਦਾਨ ਪਾਇਆ। ਓਹਨਾ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕੇ ਕੁੜੀਆਂ ਹਰ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰ ਰਹੀਆਂ ਹਨ ਤੇ ਅੱਜ ਅਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਤੋਂ ਗਾਮੀਨੀ ਨੇ ਇਹ ਪ੍ਰਾਪਤੀ ਕਰਕੇ ਸਮੁੱਚੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।  ਆਲ ਇੰਡੀਆ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਜਿੱਥੇ ਪੰਜਾਬ ਦਾ ਨਾਮ ਚਮਕਾਇਆਂ ਹੈਂ ਉਥੇ ਸੁਨਾਮ ਦਾ ਨਾਮ ਰੋਸ਼ਨ ਕੀਤਾ ਹੈਂ।