Vacant Cabinet Posts: ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਇੱਕ ਨਵਾਂ ਮੰਤਰੀ ਸ਼ਾਮਲ ਹੋਣ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਕੈਬਨਿਟ ਵਿੱਚ ਇੱਕ ਨਵਾਂ ਚਿਹਰਾ ਸ਼ਾਮਲ ਕਰਨ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਰਣਨੀਤੀ ਹੈ ਕਿ ਹਰ ਲੋਕ ਸਭਾ ਹਲਕੇ 'ਚੋਂ ਇੱਕ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇ।
ਮਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਦਾ ਇੱਕ ਅਹੁਦਾ ਅਜੇ ਵੀ ਖਾਲੀ ਹੈ। ਇਸ ਵੇਲੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਸਮੇਤ ਇੱਕ-ਇੱਕ ਮੰਤਰੀ ਦੀ ਗੁੰਜਾਇਸ਼ ਹੈ। ਪੰਜਾਬ ਕੈਬਨਿਟ ਵਿੱਚ ਕੁੱਲ 17 ਮੰਤਰੀ ਹੋ ਸਕਦੇ ਹਨ। ਇਸ ਵੇਲੇ ਕਈ ਮੰਤਰੀਆਂ ਕੋਲ ਹੋਰ ਵਿਭਾਗਾਂ ਦੀਆਂ ਵਾਧੂ ਜ਼ਿੰਮੇਵਾਰੀਆਂ ਵੀ ਹਨ। ਸੂਤਰਾਂ ਦੀ ਮੰਨੀਏ ਤਾਂ ਪਹਿਲੀ ਵਾਰ ਜਿੱਤੇ ਵਿਧਾਇਕਾਂ ਨੂੰ ਵੀ ਨਵੀਂ ਕੈਬਨਿਟ 'ਚ ਸ਼ਾਮਲ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਹਨਾਂ ਵਿੱਚ ਅਜਿਹੇ ਆਪ ਵਿਧਾਇਕ ਵੀ ਸ਼ਾਮਲ ਹਨ ਜਿਹਨਾਂ ਨੇ ਅਕਾਲੀ ਦਲ ਅਤੇ ਕਾਂਗਰਸ ਦੇ ਵੱਡੇ ਚਿਹਰਿਆਂ ਨੂੰ ਕਰਾਰੀ ਮਾਤ ਦੇ ਕੇ ਚੋਣ ਜਿੱਤੀ ਸੀ ਅਤੇ ਵਿਧਾਇਕ ਬਣੇ ਸਨ। ਅਤੇ ਪਹਿਲਾਂ ਵੀ ਜਦੋਂ ਕੈਬਨਿਟ ਦੇ ਵਿਸਥਾਰ ਦੀ ਗੱਲ ਚੱਲੀ ਸੀ ਤਾਂ ਅਜਿਹੇ ਵਿਧਾਇਕਾਂ ਦਾ ਨਾਮ ਸਾਹਮਣੇ ਆਇਆ ਸੀ ਪਰ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਸੀ। ਹੁਣ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਸਰਕਾਰ ਨੇ ਰਣਨੀਤੀ ਵੀ ਬਦਲ ਲਈ ਹੈ ਅਤੇ ਮੂਡ ਵੀ ਬਦਲ ਲਿਆ ਹੈ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਜ਼ਿਲ੍ਹਿਆਂ ਨੂੰ ਨੁਮਾਇੰਦਗੀ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮੰਤਰੀ ਮੰਡਲ ਵਿੱਚ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਕਈ ਮੰਤਰੀਆਂ ਦੇ ਵਿਭਾਗ ਬਦਲਣ ਦੀ ਵੀ ਸੰਭਾਵਨਾ ਹੈ। ਆਮ ਆਦਮੀ ਪਾਰਟੀ 2 ਹਫਤਿਆਂ ਦੇ ਅੰਦਰ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ। ਆਮ ਆਦਮੀ ਪਾਰਟੀ ਆਪਣੇ ਦਮ 'ਤੇ ਚੋਣਾਂ ਲੜਨ ਦੇ ਮੂਡ 'ਚ ਹੈ ਅਤੇ ਪੰਜਾਬ ਅਤੇ ਚੰਡੀਗੜ੍ਹ 'ਚ ਗਠਜੋੜ ਨਹੀਂ ਕਰੇਗੀ।