ਚੰਡੀਗੜ੍ਹ: ਪਹਿਲੀ ਮਈ ਤੋਂ ਦੇਸ਼ ਦੇ ਨੌਜਵਾਨਾਂ ਨੂੰ ਕੋਰੋਨਾ ਰੋਕੂ ਟੀਕੇ ਲਾਉਣ ਦੀ ਸ਼ੁਰੂਆਤ ਕੀਤੀ ਜਾਣੀ ਹੈ ਪਰ ਪੰਜਾਬ ਦੇ ਨੌਜਵਾਨਾਂ ਨੂੰ ਹਾਲੇ ਇਹ ਰਾਹਤ ਮਿਲਦੀ ਨਹੀਂ ਦਿਖਾਈ ਦੇ ਰਹੀ। ਇਕੱਲਾ ਪੰਜਾਬ ਹੀ ਨਹੀਂ ਇਸ ਸਮੇਂ ਦੇਸ਼ ਦੇ ਕਈ ਸੂਬੇ ਕੋਰੋਨਾ ਨਾਲ ਲੜਨ ਦੀ ਸਮਰੱਥਾ ਪੈਦਾ ਕਰਨ ਵਾਲੇ ਟੀਕਿਆਂ ਦੀ ਕਮੀ ਨਾਲ ਜੂਝ ਰਹੇ ਹਨ।


ਭਲਕ ਤੋਂ 18 ਤੋਂ 45 ਸਾਲ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗਣੀ ਸ਼ੁਰੂ ਹੋਣੀ ਹੈ, ਪਰ ਪੰਜਾਬ ਨੂੰ ਹਾਲੇ ਤੱਕ ਨਹੀਂ ਪਤਾ ਕਿ ਵੈਕਸੀਨ ਕਦ ਤੱਕ ਮਿਲੇਗੀ। ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਤਾਬਕ ਸਰਕਾਰ ਨੇ 18-45 ਸਾਲ ਉਮਰ ਵਰਗ ਦੇ ਲੋਕਾਂ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ 30 ਲੱਖ ਵੈਕਸੀਨ ਦੇ ਆਰਡਰ ਦਿੱਤੇ ਹੋਏ ਹਨ।  ਪਰ ਹਾਲੇ ਤੱਕ ਕੰਪਨੀ ਨੇ ਉਨ੍ਹਾਂ ਨੂੰ ਟੀਕਿਆਂ ਦੀ ਪਹੁੰਚ ਦਾ ਸਮਾਂ ਨਹੀਂ ਦੱਸਿਆ ਹੈ।


ਸਿਹਤ ਮੰਤਰੀ ਦਾ ਇਹ ਵੀ ਕਹਿਣਾ ਹੈ ਕਿ ਵੈਕਸੀਨ ਦੀ ਕਮੀ ਕਾਰਨ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦੂਜੀ ਡੋਜ਼ ਲਾਉਣ 'ਚ ਦਿੱਕਤ ਆ ਰਹੀ ਹੈ। ਪੰਜਾਬ 'ਚ ਵੀਰਵਾਰ ਤੱਕ 32.38 ਲੱਖ ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ। ਇਸ ਵਿੱਚੋਂ 28.87 ਲੱਖ ਲੋਕਾਂ ਨੂੰ ਪਹਿਲੀ ਤੇ 3.95 ਲੱਖ ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ।


ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 72 ਲੱਖ ਹੈ, ਜਦਕਿ 18 ਤੋਂ 45 ਸਾਲ ਦੇ ਉਮਰ ਵਰਗ ਵਿੱਚ ਸੂਬੇ ਦੀ 1.32 ਕਰੋੜ ਦੀ ਆਬਾਦੀ ਆਉਂਦੀ ਹੈ। ਵੈਕਸੀਨੇਸ਼ਨ ਲਈ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਪੋਰਟਲ 'ਤੇ ਰਜਿਸਟ੍ਰੇਸ਼ਨ ਕੀਤੀ ਹੈ ਅਤੇ ਇਹ ਪ੍ਰਕਿਰਿਆ ਹਾਲੇ ਵੀ ਜਾਰੀ ਹੈ। ਪੰਜਾਬ ਦਾ ਸਿਹਤ ਵਿਭਾਗ ਇੱਕ ਦਿਨ ਵਿੱਚ ਤਿੰਨ ਲੱਖ ਟੀਕੇ ਲਾਉਣ ਦੇ ਸਮਰੱਥ ਹੈ। ਪਰ ਵਿਭਾਗ ਕੋਲ ਹਾਲੇ ਵੈਕਸੀਨ ਦਾ ਸਟਾਕ ਹੀ ਨਹੀਂ ਹੈ। ਜਿਵੇਂ ਹੀ ਕੰਪਨੀ ਟੀਕੇ ਉਪਲਬਧ ਕਰਵਾਏਗੀ, ਉਦੋਂ ਪਹਿਲਾਂ ਤੋਂ ਹੋਈ ਰਜਿਸਟ੍ਰੇਸ਼ਨ ਦੇ ਆਧਾਰ 'ਤੇ ਵੈਕਸੀਨੇਸ਼ਨ ਕਰਨ ਦੀ ਨੀਤੀ ਤਿਆਰ ਕਰ ਲਈ ਜਾਵੇਗੀ।