'ਆਪ' ਖਿਲਾਫ ਬੋਲੇ ਵਲਟੋਹਾ, ਸਰਪੰਚਾਂ ਨੂੰ ਕਿਹਾ ਛਿੱਤਰ ਫੇਰੋ !
ਏਬੀਪੀ ਸਾਂਝਾ | 03 Aug 2016 10:40 AM (IST)
ਤਰਨ ਤਾਰਨ: ਸ਼੍ਰੋਮਣੀ ਅਕਾਲੀ ਨੇ ਅਲੋਚਨਾ ਕਰਨ ਵਾਲਿਆਂ 'ਤੇ ਸਖ਼ਤੀ ਵਰਤਣ ਦੀ ਰਣਨੀਤੀ ਘੜੀ ਹੈ। ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਅਕਾਲੀ ਸਰਪੰਚਾਂ ਨੂੰ ਸ਼ਰੇਆਮ ਆਦੇਸ਼ ਦਿੱਤਾ ਹੈ ਕਿ ਪਾਰਟੀ ਖਿਲਾਫ਼ ਬੋਲੜਾ ਬੋਲਣ ਵਾਲਿਆਂ ਨੂੰ ਚੰਗੀ ਤਰ੍ਹਾਂ ਛਿੱਤਰ ਫੇਰੋ। ਉਸ ਦਾ ਕੋਈ ਲਿਹਾਜ਼ ਨਾ ਕਰੋ, ਬਾਕੀ ਮੈਂ ਵੇਖ ਲਾਵਾਂਗਾ। ਉਨ੍ਹਾਂ ਕਿਹਾ ਹੈ ਕਿ ਕੋਈ ਅਕਾਲੀ ਦਲ ਦੀ ਪੱਗ ਨੂੰ ਹੱਥ ਪਾਵੇ, ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਲਟੋਹਾ ਦਾ ਇਸ਼ਾਰਾ ਆਮ ਆਦਮੀ ਪਾਰਟੀ ਵੱਲ ਸੀ। ਕਾਬਲੇਗੌਰ ਹੈ ਕਿ ਕਸਬਾ ਭਿਖੀਵਿੰਡ ਵਿੱਚ ਹੋਈ ਅਕਾਲੀ ਦਲ ਦੇ ਐਸ.ਸੀ. ਵਿੰਗ ਦੀ ਮੀਟਿੰਗ ਵਿੱਚ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਤੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਪਹੁੰਚੇ ਸਨ। ਵਲਟੋਹਾ ਨੇ ਦੂਸਰੀਆਂ ਪਾਰਟੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਮੁੱਦੇ ਦੀ ਰਾਜਨੀਤੀ ਕਰਨ ਨਾ ਕਿ ਕਿਸੇ 'ਤੇ ਜਾਤੀ ਅਟੈਕ ਕਰਨ। ਇਹ ਸਭ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਮੁੱਦਿਆਂ 'ਤੇ ਗੱਲ ਕਰਨ ਸਾਨੂੰ ਕੋਈ ਗੁੱਸਾ ਨਹੀਂ ਪਰ ਕਿਸੇ ਨੂੰ ਵੀ ਅਕਾਲੀ ਦਲ ਖਿਲਾਫ ਗਲਤ ਨਹੀਂ ਬੋਲਣ ਦੇਵਾਂਗੇ। ਵਲਟੋਹਾ ਨੇ ਕਿਹਾ ਕਿ ਇੱਕ ਦਿਨ ਪਹਿਲਾਂ ਪਿੰਡ ਮਾੜੀ ਕੰਬੋਕੇ ਵਿੱਚ ਆਮ ਆਦਮੀ ਵਾਲੇ ਸਪੀਕਰ ਲਾ ਕੇ ਉਨ੍ਹਾਂ ਖਿਲਾਫ਼ ਗਲਤ ਬੋਲ ਰਹੇ ਸਨ। ਸਰਪੰਚ ਤੇ ਅਕਾਲੀ ਵਰਕਰਾਂ ਨੇ ਉਨ੍ਹਾਂ ਦੀ ਖੂਬ ਛਿੱਤਰ ਪਰੇਡ ਕੀਤੀ ਤੇ ਉੱਥੋਂ ਭਜਾਇਆ।