Jalandhar News: ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਪਰਗਟ ਸਿੰਘ ਨੇ ਕਿਸਾਨ ਅੰਦੋਲਨ ਪ੍ਰਤੀ ਸਖਤੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਸਖਤੀ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਲਿਖਤੀ ਵਾਅਦੇ ਨੂੰ ਦੋ ਸਾਲਾਂ ਵਿੱਚ ਵੀ ਪੂਰਾ ਨਹੀਂ ਕਰ ਸਕੀ ਤੇ ਹੁਣ ਗੱਲਬਾਤ ਦਾ ਡਰਾਮਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਸਾਰੇ ਰਸਤੇ ਬੰਦ ਕਰਵਾ ਰਹੀ ਹੈ, ਜਿਵੇਂ ਉਹ ਇਸ ਦੇਸ਼ ਦੇ ਵਾਸੀ ਹੀ ਨਾ ਹੋਣ।
ਪਰਗਟ ਸਿੰਘ ਨੇ ਕਿਹਾ ਕਿ....ਇਹ ਬੇਹੱਦ ਸ਼ਰਮਨਾਕ ਹੈ!
ਮੋਦੀ ਸਰਕਾਰ ਕਿਸਾਨਾਂ ਨਾਲ ਲਿਖਤੀ ਵਾਅਦੇ ਨੂੰ 2 ਸਾਲਾਂ ਵਿੱਚ ਪੂਰਾ ਨਹੀਂ ਕਰ ਸਕੀ, ਹੁਣ ਗੱਲਬਾਤ ਦਾ ਡਰਾਮਾ ਕਰ ਰਹੀ ਹੈ।
ਦੂਜੇ ਪਾਸੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਸਾਰੇ ਰਸਤੇ ਬੰਦ ਕਰਵਾ ਰਹੀ ਹੈ, ਜਿਵੇਂ ਓਹ ਇਸ ਦੇਸ਼ ਦੇ ਵਾਸੀ ਹੀ ਨਾ ਹੋਣ।
ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਮੁੜ ਦਿੱਲੀ ਘੇਰਨ ਦਾ ਐਲਾਨ ਕਰਨ ਮਗਰੋਂ ਦੇਸ਼ ਵਿੱਚ ਸਿਆਸੀ ਹਲਚਲ ਵਧ ਗਈ ਹੈ। ਇੱਕ ਪਾਸੇ ਵਿਰੋਧੀ ਧਿਰਾਂ ਨੇ ਮੁੜ ਕੇਂਦਰ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਕਿਸਾਨਾਂ ਨੇ ਦਿੱਲੀ ਕੂਚ ਲਈ ਜੰਗੀ ਪੱਧਰ 'ਤੇ ਤਿਆਰੀ ਕੀਤੀ ਹੈ। ਪੰਜਾਬ ਤੇ ਹਰਿਆਣਾ ਦੀਆਂ 26 ਕਿਸਾਨ ਜਥੇਬੰਦੀਆਂ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰ ਰਹੀਆਂ ਹਨ।
ਉਧਰ, ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਬੀਐਸਐਫ ਤਾਇਨਾਤ ਕਰ ਦਿੱਤੀ ਹੈ। ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਰੋਹਤਕ, ਸੋਨੀਪਤ, ਝੱਜਰ, ਜੀਂਦ, ਕੁਰੂਕਸ਼ੇਤਰ, ਕੈਥਲ, ਅੰਬਾਲਾ, ਸਿਰਸਾ, ਫਤਿਹਾਬਾਦ, ਹਿਸਾਰ, ਭਿਵਾਨੀ ਤੇ ਪੰਚਕੂਲਾ ਸ਼ਾਮਲ ਹਨ।
ਇਸ ਤੋਂ ਇਲਾਵਾ ਸੱਤ ਜ਼ਿਲ੍ਹਿਆਂ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ਤੇ ਡੱਬਵਾਲੀ ਵਿੱਚ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਵਿੱਚ ਵੀ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਗਈਆਂ ਹਨ।
ਅੰਬਾਲਾ 'ਚ ਹਰਿਆਣਾ-ਪੰਜਾਬ ਸਰਹੱਦ 'ਤੇ ਘੱਗਰ ਪੁਲ 'ਤੇ ਪੁਲਿਸ ਨੇ ਚਾਰ ਲੇਅਰਾਂ 'ਚ ਸੁਰੱਖਿਆ ਤਾਇਨਾਤ ਕੀਤੀ ਹੈ। ਇਸ ਵਿੱਚ ਪਹਿਲੀਆਂ ਤਿੰਨ ਪਰਤਾਂ ਵਿੱਚ ਕੰਕਰੀਟ ਦੀ ਬੈਰੀਕੇਡਿੰਗ ਉਪਰ ਕੰਡਿਆਲੀ ਤਾਰਾਂ ਵਿਛਾ ਦਿੱਤੀਆਂ ਗਈਆਂ ਹਨ ਤੇ ਅਖੀਰ ਵਿੱਚ ਲੋਹੇ ਦੇ ਕੰਡੇ ਵਿਛਾਏ ਗਏ ਹਨ। ਇਨ੍ਹਾਂ ਨੂੰ ਸੀਮਿੰਟ ਤੇ ਬੱਜਰੀ ਦੇ ਘੋਲ ਨਾਲ ਤਿਆਰ ਕੀਤਾ ਗਿਆ ਹੈ।