ਮੁਹਾਲੀ:  ਪੰਜਾਬ ਵਿੱਚ ਪਹਿਲੀ ਜੁਲਾਈ ਤੋਂ ਸ਼ਰਾਬ ਦੀ ਨਵੀਂ ਨੀਤੀ ਲਾਗੂ ਹੋਣ ਦੀ ਚਰਚਾ ਵਿਚਾਲੇ 30 ਜੂਨ ਨੂੰ ਅੱਧੇ ਰੇਟ 'ਤੇ ਸ਼ਰਾਬ ਵਿਕੀ । ਆਖਰੀ ਦਿਨ ਪੁਰਾਣੇ ਠੇਕੇਦਾਰਾਂ ਨੇ ਸ਼ਰਾਬ ਦਾ ਕੋਟਾ ਖ਼ਤਮ ਕਰਨ ਲਈ ਠੇਕਿਆਂ ’ਤੇ ਭਾਰੀ ਛੋਟ ਦੇ ਬੋਰਡ ਲਾ ਦਿੱਤੇ । ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ 30 ਜੂਨ ਨੂੰ ਲੋਕਾਂ ਨੇ ਜੰਮ ਕੇ ਸ਼ਰਾਬ ਖਰੀਦੀ ਤੇ ਕਾਫੀ ਸਮਾਂ ਦਾ ਕੋਟਾ ਜ਼ਮ੍ਹਾਂ ਕਰ ਲਿਆ ।


ਠੇਕਿਆਂ ’ਤੇ ਸ਼ਰਾਬ ਦੇ ਭਾਅ ਦੇ ਲੱਗੇ ਬੋਰਡਾਂ ਮੁਤਾਬਕ ਠੇਕੇਦਾਰਾਂ ਵੱਲੋਂ ਲੰਘੇ ਸਾਲ 2021 ਦੇ ਮੁਤਾਬਕ 30 ਜੂਨ ਨੂੰ ਅੱਧੇ ਭਾਅ ’ਚ ਸ਼ਰਾਬ ਵੇਚੀ ਗਈ । ਸ਼ਰਾਬ ਖਰੀਦਣ ਲਈ ਸਵੇਰ ਤੋਂ ਹੀ ਠੇਕਿਆਂ ਅੱਗੇ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਸ਼ਰਾਬ ਦੇ ਸ਼ੌਕੀਨਾਂ ਨੇ ਕਈ ਦਿਨਾਂ ਦਾ ਕੋਟਾ ਇਕੱਠਾ ਕਰ ਲਿਆ । 


ਹਾਸਲ ਜਾਣਕਾਰੀ ਦੇ ਮੁਤਾਬਕ ਠੇਕੇਦਾਰਾਂ ਵੱਲੋਂ ਜਿਹੜੀ ਬੋਤਲ ਲੰਘੇ ਦਿਨੀਂ ਯਾਨਿ 30 ਜੂਨ ਨੂੰ 2000 ਹਜ਼ਾਰ ਤੋਂ 2500 ਰੁਪਏ ਤੱਕ ਵੇਚੀ ਜਾ ਰਹੀ ਸੀ, ਉਹੀ 900 ਰੁਪਏ ਪ੍ਰਤੀ ਬੋਤਲ ਵੇਚੀ ਗਈ । ਇਸੇ ਤਰ੍ਹਾਂ ਦੇਸੀ ਤੇ ਅੰਗਰੇਜ਼ੀ ਸ਼ਰਾਬ ਵੀ ਅੱਧੇ ਭਾਅ ’ਚ ਵੇਚੀ ਗਈ । ਪਹਿਲਾਂ 200 ਤੋਂ 300 ਰੁਪਏ ਵਿੱਚ ਵੇਚੀ ਜਾਣ ਵਾਲੀ ਬੀਅਰ ਦੀ ਬੋਤਲ ਵੀ 100 ਰੁਪਏ ਦੀ ਹੀ ਵੇਚੀ ਗਈ । 


ਦੱਸ ਦਈਏ ਕਿ ਐਕਸਾਈਜ਼ ਵਿਭਾਗ ਦੇ ਨਿਯਮਾਂ ਅਨੁਸਾਰ ਸ਼ਰਾਬ ਦੀ ਦੁਕਾਨ ਦਾ ਕਰਿੰਦਾ ਕਿਸੇ ਨੂੰ ਦੋ ਬੋਤਲਾਂ ਤੋਂ ਵੱਧ ਵੇਚ ਨਹੀਂ ਸਕਦਾ, ਤੇ ਜੇਕਰ ਕੋਈ ਵਿਅਕਤੀ ਠੇਕੇ ਤੋਂ ਇਕੱਠੀ ਸ਼ਰਾਬ ਦੀ ਮੰਗ ਕਰਦਾ ਹੈ ਤਾਂ ਉਸ ਕੋਲ ਵਿਭਾਗ ਦਾ ਪਰਮਿਟ ਹੋਣਾ ਬਹੁਤ ਜ਼ਰੂਰੀ ਹੈ,  ਪਰ ਅੱਜ ਠੇਕਿਆਂ ’ਤੇ ਨੇਮਾਂ ਤੋਂ ਉਲਟ ਹੋਈ ਸ਼ਰਾਬ ਦੀ ਵਿਕਰੀ ਸਬੰਧੀ ਵਿਭਾਗੀ ਅਧਿਕਾਰੀਆਂ ਦੀ ਚੁੱਪ ਕਈ ਸਵਾਲ ਖੜ੍ਹੇ ਕਰ ਰਹੀ ਹੈ ।