ਮੋਹਾਲੀ : ਯੂਥ ਅਕਾਲੀ ਨੇਤਾ ਬਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ‘ਚ ਦਿਨੋਂ-ਦਿਨ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਹੁਣ ਜਾਂਚ ਦੀ ਸੂਈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੁਆਲੇ ਵੀ ਘੁੰਮ ਸਕਦੀ ਹੈ। ਮਿੱਡੂਖੇੜਾ ਦੇ ਕਤਲ ਮਾਮਲੇ ‘ਚ ਗਾਇਕ ਦਾ ਮੈਨੇਜਰ ਸ਼ਗਨਪ੍ਰੀਤ ਫ਼ਰਾਰ ਦੱਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਸ਼ਗਨ ਪ੍ਰੀਤ ਨੇ ਵਿੱਕੀ ਦੀ ਰੇਕੀ ਕਰਵਾਈ ਸੀ। ਦਿੱਲੀ ਪੁਲਿਸ ਦੀ ਪੁੱਛਗਿੱਛ ਵਿਚ ਉਸ ਦਾ ਨਾਮ ਸਾਹਮਣੇ ਆਇਆ ਸੀ।
ਦਰਅਸਲ 'ਚ ਪਿਛਲੇ ਦਿਨੀਂ ਮ੍ਰਿਤਕ ਦੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਨੇ ਮੋਹਾਲੀ ਦੇ ਐੱਸ.ਐੱਸ.ਪੀ. ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਉਸ ਦੇ ਭਰਾ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿਚ ਇਕ ਗਵੱਈਏ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਪੁੱਤਰ ਸਦਾਗਰ ਸਿੰਘ ਅਤੇ ਇਸ ਮਾਮਲੇ ਵਿੱਚ ਜਿਹੜੇ 3 ਸ਼ੂਟਰ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਨ, ਨਾਲ ਦੀਆਂ ਸਬੰਧਿਤ ਕਾਲ ਡਿਟੇਲਜ਼, ਮੋਬਾਇਲ ਲੋਕੇਸ਼ਨ ਅਤੇ ਹੋਰ ਮੋਬਾਇਲ ਵਿਚਲਾ ਡਾਟਾ ਸੁਰੱਖਿਅਤ ਰੱਖਣਾ ਚਾਹੀਦਾ ਹੈ।
ਪੁਲਿਸ ਨੂੰ ਲਿਖੇ ਪੱਤਰ 'ਚ ਕਿਹਾ ਗਿਆ ਹੈ ਕਿ ਪੁਲਿਸ ਨੂੰ ਸਖ਼ਤੀ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਉਸ ਦੇ ਭਰਾ ਦੇ ਕਤਲ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕੌਣ-ਕੌਣ ਲੋਕ ਸ਼ਾਮਲ ਹਨ। ਸ਼ਗਨ ਪ੍ਰੀਤ ਨੇ ਵਿੱਕੀ ਨੂੰ ਮਾਰਨ 'ਚ ਸ਼ਾਰਪ ਸ਼ੂਟਰਾਂ ਦੀ ਮਦਦ ਕੀਤੀ ਸੀ। ਇਸ ਵਿਚ ਸੈਕਟਰ-71 ਵਿਚਲੇ ਮਕਾਨ ਦੀ ਰੇਕੀ ਕਰਵਾਉਣਾ ਵੀ ਸ਼ਾਮਲ ਹੈ।
ਤਿੰਨ ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਉਹ ਲਾਪਤਾ ਹੈ। ਅਜੈਪਾਲ ਅਨੁਸਾਰ ਫੜੇ ਗਏ ਗੈਂਗਸਟਰਾਂ ਨੇ ਸ਼ਗਨ ਪ੍ਰੀਤ ਦਾ ਨਾਂ ਲਿਆ ਸੀ। ਇਸ ਤੋਂ ਬਾਅਦ ਉਹ ਪੁਲਿਸ ਨੂੰ ਸਫ਼ਾਈ ਦੇਣ ਵੀ ਨਹੀਂ ਆਇਆ। ਅਜੈਪਾਲ ਨੇ ਕਿਹਾ ਕਿ ਅਜਿਹੇ 'ਚ ਸਿੱਧੂ ਮੂਸੇਵਾਲਾ ਤੋਂ ਸ਼ਗਨ ਪ੍ਰੀਤ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ।
ਮ੍ਰਿਤਕ ਦੇ ਭਰਾ ਲਿਖਿਆ ਕਿ ਮੂਸੇਵਾਲਾ ਅਤੇ ਹੋਰ ਲੋਕਾਂ ਤੋਂ ਵੀ ਇਸ ਕੇਸ ਵਿਚ ਸ਼ਮੂਲੀਅਤ ਬਾਰੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਸ਼ਗਨ ਪ੍ਰੀਤ ਲੰਬੇ ਸਮੇਂ ਤੋਂ ਮੂਸੇਵਾਲਾ ਨਾਲ ਕੰਮ ਕਰ ਰਿਹਾ ਹੈ। ਹਰ ਹਵਾਈ ਅੱਡੇ 'ਤੇ ਸ਼ਗਨ ਪ੍ਰੀਤ ਦਾ ਲੁੱਕ ਆਊਟ ਸਰਕੂਲਰ ਲਗਾਉਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕੇ। ਅਜੈ ਪਾਲ ਨੇ ਸ਼ਗਨ ਪ੍ਰੀਤ ਦੇ ਕਈ ਤਾਕਤਵਰ ਸਿਆਸੀ ਲੋਕਾਂ ਨਾਲ ਜੁੜੇ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ।
ਅਜੈਪਾਲ ਅਨੁਸਾਰ ਇਸ ਕਤਲ ਦਾ ਅਸਲ ਕਾਰਨ ਸ਼ਗਨ ਪ੍ਰੀਤ ਹੀ ਦੱਸ ਸਕਦਾ ਹੈ। ਉਹ ਜਾਣਦਾ ਹੈ ਕਿ ਵਿੱਕੀ ਨੂੰ ਕਿਸ ਦੇ ਇਸ਼ਾਰੇ 'ਤੇ ਮਾਰਿਆ ਗਿਆ ਸੀ। 6 ਤੋਂ 8 ਅਗਸਤ ਤੱਕ ਮੋਬਾਈਲ ਡਾਟਾ ਦੀ ਵਿਸ਼ੇਸ਼ ਖੋਜ ਕੀਤੀ ਜਾਵੇ। ਸ਼ਗਨ ਪ੍ਰੀਤ ਨੇ ਜਲ ਵਾਯੂ ਵਿਹਾਰ ਟਾਵਰ, ਖਰੜ ਵਿਖੇ ਸ਼ਾਰਪ ਸ਼ੂਟਰਾਂ ਨਾਲ ਮੁਲਾਕਾਤ ਕੀਤੀ ਅਤੇ ਉਹ ਉਨ੍ਹਾਂ ਦੇ ਸੰਪਰਕ ਵਿਚ ਸੀ। ਸ਼ਗਨ ਪ੍ਰੀਤ 6 ਅਪ੍ਰੈਲ ਨੂੰ ਅਚਾਨਕ ਗਾਇਬ ਹੋ ਗਿਆ ਸੀ।
ਦੱਸ ਦੇਈਏ ਕਿ ਵਿੱਕੀ ਮਿੱਡੂਖੇੜਾ ਕਤਲ ਕਾਂਡ ਦੇ ਤਿੰਨ ਸ਼ੱਕੀ ਸ਼ਾਰਪ ਸ਼ੂਟਰਾਂ ਨੂੰ ਮੋਹਾਲੀ ਪੁਲਿਸ ਨੇ 10 ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਸੋਮਵਾਰ ਨੂੰ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਦਿੱਲੀ ਤੋਂ ਲਿਆਂਦਾ ਗਿਆ।ਇਨ੍ਹਾਂ ਵਿਚ ਸੱਜਣ ਉਰਫ਼ ਭੋਲੂ (37) ਵਾਸੀ ਝੱਜਰ, ਅਨਿਲ ਕੁਮਾਰ ਲਾਠ (32) ਵਾਸੀ ਦਿੱਲੀ ਅਤੇ ਸੰਨੀ (20) ਵਾਸੀ ਕੁਰੂਕਸ਼ੇਤਰ ਸ਼ਾਮਲ ਹਨ। ਤਿੰਨਾਂ ਨੂੰ ਤਿਹਾੜ ਜੇਲ੍ਹ ਤੋਂ ਲਿਆਂਦਾ ਗਿਆ ਹੈ।
ਇਨ੍ਹਾਂ ਵਿਚ ਬੰਬੀਹਾ ਗਰੁੱਪ ਦੇ 3 ਗੈਂਗਸਟਰ ਵੀ ਸ਼ਾਮਲ ਸਨ। ਸੱਜਣ ਅਤੇ ਅਨਿਲ ਖਿਲਾਫ਼ ਕਤਲ ਅਤੇ ਫਿਰੌਤੀ ਦੇ 30 ਤੋਂ ਵੱਧ ਮਾਮਲੇ ਦਰਜ ਹਨ। ਇਲਜ਼ਾਮਾਂ ਅਨੁਸਾਰ ਮਿੱਡੂਖੇੜਾ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਚਾਰ ਸ਼ਾਰਪ ਸ਼ੂਟਰ ਖਰੜ ਦੀ ਇੱਕ ਹਾਊਸਿੰਗ ਸੁਸਾਇਟੀ ਦੇ ਫਲੈਟ ਵਿਚ ਸ਼ਗਨ ਪ੍ਰੀਤ ਦੇ ਨਾਲ ਰਹਿੰਦੇ ਸਨ। ਸ਼ਗਨ ਪ੍ਰੀਤ ਸ਼ਾਰਪ ਸ਼ੂਟਰਾਂ ਨੂੰ ਵਿੱਕੀ ਮਿੱਡੂਖੇੜਾ ਦੀ ਰੇਕੀ ਕਰਨ ਵਿਚ ਨਿਸ਼ਾਨੇਬਾਜ਼ਾਂ ਦੀ ਮਦਦ ਕਰ ਰਿਹਾ ਸੀ।