Punjab News: ਸਕੂਲ ਦਾ ਦੌਰਾ ਕਰਨ ਆਏ ਸੱਤਾਧਾਰੀ ਵਿਧਾਇਕ ਨੂੰ 'ਸੈਲਿਊਟ' ਨਹੀਂ ਵੱਜਾ ਤਾਂ ਗੁੱਸੇ ਵਿੱਚ ਆਈ ਸਰਕਾਰ ਨੇ ਤਿੰਨ ਅਧਿਆਪਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ। ਇਹ ਖਬਰ ਸੋਸ਼ਲ ਮੀਡੀਆ ਉਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਬਾਰੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕ੍ਰਿਆਵਾਂ ਵੀ ਆ ਰਹੀਆਂ ਹਨ। ਕੁਝ ਲੋਕ ਸਵਾਲ ਉਠਾ ਰਹੇ ਹਨ ਕਿ ਇਹ ਕੈਸਾ ਬਦਲਾਅ ਹੈ। ਦੂਜੇ ਪਾਸੇ ਕੁਝ ਲੋਕ ਅਧਿਆਪਕਾਂ ਨੂੰ ਕਚਹਿਰੀ ਵਿੱਚ ਖੜ੍ਹਾ ਕਰ ਰਹੇ ਹਨ।
ਦਰਅਸਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਫ਼ਰੀਦਕੋਟ ਜ਼ਿਲ੍ਹੇ ਦੀਆਂ ਤਿੰਨ ਅਧਿਆਪਕਾਂ ਨੂੰ ਇਸ ਗੱਲ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਕਿ ਉਨ੍ਹਾਂ ਨੇ ਵਿਧਾਇਕ ਦੇ ਸਕੂਲ ਦੌਰੇ ਦੌਰਾਨ ਆਪੋ-ਆਪਣੀਆਂ ਕਲਾਸਾਂ ’ਚੋਂ ਬਾਹਰ ਆ ਕੇ ਸਵਾਗਤ ਨਹੀਂ ਕੀਤਾ। ਇਸ ਤਰ੍ਹਾਂ ਸਕੂਲ ਦੀ ਚੈਕਿੰਗ ਦੌਰਾਨ ਵਿਧਾਇਕ ਦੀ ਬੇਇੱਜ਼ਤੀ ਹੋਈ ਹੈ।
ਨੋਟਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੇ ਸਰਕਾਰੀ ਐਲੀਮੈਂਟਰੀ ਸਕੂਲ ਗੌਂਦਾਰਾ ’ਚ ਤਾਇਨਾਤ ਅਧਿਆਪਕ ਪਰਮਜੀਤ ਕੌਰ, ਗੀਤਾ ਰਾਣੀ ਤੇ ਕੁਲਵਿੰਦਰ ਕੌਰ ਨੂੰ ਆਖਿਆ ਕਿ ਵਿਧਾਇਕ 17 ਸਤੰਬਰ ਨੂੰ ਇਸ ਸਕੂਲ ਵਿੱਚ ਚੈਕਿੰਗ ਲਈ ਆਏ ਸਨ। ਚੈਕਿੰਗ ਵੇਲੇ ਅਧਿਆਪਕ ਆਪੋ-ਆਪਣੀਆਂ ਜਮਾਤਾਂ ’ਚੋਂ ਬਾਹਰ ਨਹੀਂ ਆਏ ਤੇ ਨਾ ਹੀ ਉਨ੍ਹਾਂ ਨੇ ਵਿਧਾਇਕ ਦਾ ਸਵਾਗਤ ਕੀਤਾ। ਸਿੱਖਿਆ ਅਧਿਕਾਰੀ ਵੱਲੋਂ ਜਾਰੀ ਨੋਟਿਸ ਅਨੁਸਾਰ ਵਿਧਾਇਕ ਨੇ ਇਸ ਸਬੰਧੀ ਵਿਧਾਨ ਸਭਾ ਦੇ ਸਪੀਕਰ ਕੋਲ ਸ਼ਿਕਾਇਤ ਦਿੱਤੀ ਹੈ, ਜਿਸ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ।
ਹਾਸਲ ਜਾਣਕਾਰੀ ਅਨੁਸਾਰ ਵਿਧਾਇਕ ਅਮੋਲਕ ਸਿੰਘ 17 ਸਤੰਬਰ ਨੂੰ ਗੋਦਾਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚੈਕਿੰਗ ਕਰਨ ਗਏ ਸਨ। ਇਸ ਦੌਰਾਨ ਸਕੂਲ ਦੇ ਮੁੱਖ ਅਧਿਆਪਕ ਹਰਵਿੰਦਰ ਸਿੰਘ ਗੈਰਹਾਜ਼ਰ ਸਨ ਜਦਕਿ ਪਰਮਜੀਤ ਕੌਰ, ਗੀਤਾ ਰਾਣੀ ਤੇ ਕੁਲਵਿੰਦਰ ਕੌਰ ਸਟਾਫ਼ ਡਿਊਟੀ 'ਤੇ ਹਾਜ਼ਰ ਸੀ। ਵਿਧਾਇਕ ਨੇ ਦੋਸ਼ ਲਾਇਆ ਕਿ ਸਕੂਲ ਦੀ ਚੈਕਿੰਗ ਦੌਰਾਨ ਅਧਿਆਪਕ ਬਾਹਰ ਨਹੀਂ ਆਏ। ਉਨ੍ਹਾਂ ਨੂੰ ਮਿਲੇ ਵੀ ਨਹੀਂ। ਫਿਰ ਵਿਧਾਇਕ ਦੀ ਤਰਫੋਂ ਸਪੀਕਰ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਸਪੀਕਰ ਨੇ ਉਕਤ ਅਧਿਆਪਕਾਂ ਨੂੰ ਵਿਧਾਨ ਸਭਾ ਵਿੱਚ ਆਪਣੇ ਦਫ਼ਤਰ ਵਿੱਚ ਬੁਲਾਇਆ।